-ਰਾਜੇਸ਼ ਤਿਆਗੀ/15.11.2018
ਪੰਜਾਬੀ ਅਨੁਵਾਦ-
ਰਜਿੰਦਰ
ਵਿਅਕਤੀ
ਦੇ ਕਾਮ ਸਬੰਧ ਮਨੁੱਖਾਂ ਦਰਮਿਆਨ ਸਮਾਜਿਕ ਸਬੰਧਾਂ ਦਾ ਹਿੱਸਾ ਹਨ ਅਤੇ ਉਨ੍ਹਾਂ ਨਾਲ ਅਨਿੱਖੜਵੇਂ
ਰੂਪ ਨਾਲ ਜੁੜੇ ਹੋਏ ਹਨ। ਨਤੀਜੇ ਵਜੋਂ ਅਤੇ ਅੰਤਮ ਵਿਸ਼ਲੇਸ਼ਣ ਵਿੱਚ, ਸਗੋਂ ਸਿਰਫ਼ ਅੰਤਿਮ ਵਿਸ਼ਲੇਸ਼ਣ
ਵਿੱਚ, ਇਹ ਸਬੰਧ ਉਤਪਾਦਨ ਦੇ ਨਿਸ਼ਚਿਤ ਤਰੀਕਿਆਂ ਨਾਲ ਸਬੰਧਿਤ ਹਨ ਜਿਨ੍ਹਾਂ ਦਰਮਿਆਨ ਇਹ ਪੈਦਾ
ਹੁੰਦੇ ਹਨ ਅਤੇ ਮੌਜੂਦ ਰਹਿੰਦੇ ਹਨ। ਫਿਰ ਵੀ, ਸਪਸ਼ਟ ਤੌਰ ‘ਤੇ ਸਮੇਂ ਦੇ ਲੰਮੇ ਦੌਰ ਲਈ, ਸਬੰਧ ਮੌਜੂਦ ਰਹਿੰਦੇ ਹਨ ਅਤੇ ਕੁਝ ਖਾਸ ਹਾਲਤਾਂ ਅਧੀਨ ਰਹਿੰਦੇ
ਹਨ, ਇੱਥੋਂ ਤੱਕ ਕਿ ਜਦੋਂ ਉਤਪਾਦਨ ਦੇ ਤਰੀਕੇ ਜਿਨ੍ਹਾਂ ਵਿੱਚ ਉਹ ਪੈਦਾ ਹੋਏ ਅਤੇ ਵਧੇ-ਫੁੱਲੇ,
ਨੂੰ ਸਦੀਆਂ ਪਹਿਲਾਂ ਨਸ਼ਟ ਕੀਤਾ ਗਿਆ ਜਾਂ ਵਗਾਹ ਸੁੱਟਿਆ ਗਿਆ ਹੋਵੇ। ਅਨੁਸਾਰੀ ਆਰਥਿਕ ਅਧਾਰ
ਜਿਨ੍ਹਾਂ ਦੀ ਇਹ ਪੈਦਾਇਸ਼ ਸਨ ਦੀ ਗ਼ੈਰ-ਮੌਜੂਦਗੀ ਦੇ ਬਾਵਜੂਦ ਇਨ੍ਹਾਂ ਸਬੰਧਾਂ ਦਾ ਮੌਜੂਦ ਰਹਿਣਾ,
ਭਾਵੇਂ ਇਹ ਸਬੰਧ ਉਨ੍ਹਾਂ ਦੀ ਖੁਦ ਦੀ ਇੱਛਾ ਤੋਂ ਅਜਾਦ ਹੁੰਦੇ ਹਨ, ਇਨ੍ਹਾਂ ਸਬੰਧਾਂ ਅਧੀਨ ਰਹਿ
ਰਹੇ ਲੋਕਾਂ ਦੀ ਚੇਤਨਾ ਨੂੰ ਖੁੰਡਾ ਕਰਦੇ ਹੋਏ, “ਅਜਾਦ ਮਨੁੱਖ ਦੀ ਅਜਾਦ ਇੱਛਾ” ਵਜੋਂ ਭਰਮ
ਸਿਰਜਦਾ ਹੈ।
ਹਰੇਕ
ਉਤਪਾਦਨ ਢੰਗ ਵਿੱਚ ਉਸਦੇ ਅਨੁਰੂਪ ਸਮਾਜਿਕ ਰਿਸ਼ਤਿਆਂ ਦਾ ਸਮੂਹ ਹੁੰਦਾ ਹੈ, ਜੋ ਇਸ ਲਈ ਵਿਸ਼ੇਸ਼ ਹਨ।
ਇਹ ਉਹ ਸਬੰਧ ਹਨ
ਜੋ ਨੈਤਿਕਤਾ ਦੇ ਖੇਤਰ ਵਿੱਚ ਨਿਯਮ ਵਜੋਂ ਪ੍ਰਵਰਤਿਤ ਹੁੰਦੇ ਹਨ। ਇਸ ਰੂਪ ਵਿੱਚ, ਇਤਿਹਾਸ ਵਿੱਚ
ਹਰ ਸਮਾਜ, ਸਮਾਜਿਕ ਰਿਸ਼ਤਿਆਂ ਦੇ ਇਕ ਵੱਖਰੇ ਪ੍ਰਬੰਧਾਂ ਲਈ ਇਕ ਜਟਿਲ ਖੇਤਰ ਰਿਹਾ ਹੈ, ਜੋ ਉਸ
ਸਮਾਜ ਦੀ ਨੈਤਿਕਤਾ ਵਿੱਚ ਉਨ੍ਹਾਂ ਦੀ ਗੂੰਜ ਤਲਾਸ਼ਦਾ ਹੈ।