Sunday 3 March 2019

2019 ਦੀਆਂ ਆਮ ਚੋਣਾਂ ‘ਚ ਬੁਰਜੁਆ ਸੱਜੇਪੱਖ ਦੀਆਂ ਸਾਰੀਆਂ ਪਾਰਟੀਆਂ ਨੂੰ ਖੁੰਜੇ ਲਾਉਣ ਲਈ, ਸੁਤੰਤਰ ਲੇਫ਼ਟ ਬਲਾਕ ਦੀ ਜਥੇਬੰਦੀ ਕਰੋ!

ਸਾਰੀਆਂ ਬੁਰਜੁਆ ਸੱਜੇਪੱਖੀ ਪਾਰਟੀਆਂ, ਆਗੂਆਂ, ਮੋਰਚਿਆਂ ਖਿਲਾਫ਼ ਮਜ਼ਦੂਰ, ਕਿਰਤੀ ਅਤੇ ਇਨਕਲਾਬੀ ਨੌਜਵਾਨ 

ਲੇਫ਼ਟ ਬਲਾਕ ‘ਚ ਜਥੇਬੰਦ ਹੋਣ!




ਇਹ ਮਤਾ ਕੀ ਹੈ, ਉਸਦੇ ਸਿਆਸੀ ਮਾਅਨੇ ਕੀ ਹਨ, ਉਸਦੀ ਭੂਮਿਕਾ ਕੀ ਹੋਵੇਗੀ ਅਤੇ ਕਿਵੇਂ ਇਹ ਪਹਿਲਾਂ ਤੋਂ ਮੌਜੂਦ ਖੱਬੇਪੱਖੀ ਮੋਰਚੇ ਤੋਂ ਭਿੰਨ ਹੈ ਆਦਿ ਬਹੁਤ ਸਾਰੇ ਸਵਾਲ ਨੌਜਵਾਨ ਕਮਿਉਨਿਸਟ ਸਾਥੀਆਂ ਦੁਆਰਾ ਪੁੱਛੇ ਜਾ ਰਹੇ ਹਨ। ਇਹਨਾਂ ਸਵਾਲਾਂ ਨੂੰ ਸਪਸ਼ਟ ਕਰਦੇ ਹੋਏ ਅਸੀਂ ਇਹ ਪ੍ਰਸ਼ਨੌਤਰੀ ਪ੍ਰਕਾਸ਼ਿਤ ਕਰ ਰਹੇ ਹਾਂ!

ਸਵਾਲ- ਜਿਸ ਲੇਫ਼ਟ ਬਲਾਕ ਦੀ ਤੁਸੀਂ ਗੱਲ ਕਰ ਰਹੇ ਹੋ, ਉਸਦਾ ਕਾਨਸੇਪਟ ਕੀ ਹੈ?

ਜਵਾਬ- ਸਰਮਾਏਦਾਰੀ ਦੀ ਢਹਿੰਦੀ-ਡਿੱਗਦੀ ਸਿਆਸੀ ਵਿਵਸਥਾ ਨੂੰ, ਫਾਸਿਸਟਾਂ ਨੇ ਚਾਰ ਸਾਲ ਕਿਸੇ ਤਰਾਂ ਸਹਾਰਾ ਦਿੱਤੀ ਰੱਖਿਆ। ਹੁਣ ਉਹ ਖੁੰਝ ਗਏ ਹਨ। ਉਪ ਚੋਣਾਂ ਦੇ ਨਤੀਜੇ ਦੱਸ ਰਹੇ ਹਨ ਕਿ ਸੰਕਟ ਹੁਣ ਤੇਜ਼ੀ ਨਾਲ ਵਧੇਗਾ।


ਇਸ ਸਮੇਂ ਸਭ ਤੋਂ ਵੱਡੀ ਲੋੜ ਹੈ ਕਿ ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ ਨੂੰ, ਬੁਰਜੁਆ ਸੱਜੇਪੱਖ ਵਿਰੁੱਧ, ਇੱਕ ਸੁਤੰਤਰ ਲੇਫ਼ਟ ਬਲਾਕ ‘ਚ ਜਥੇਬੰਦ ਕੀਤਾ ਜਾਵੇ। ਲੇਫ਼ਟ ਬਲਾਕ ਦਾ ਕਾਨਸੇਪਟ, ਸਭ ਤੋਂ ਉਪਰ, ਖੱਬੇਪੱਖੀ ਏਕਤਾ ਲਈ, ਭਾਰਤ ਦੇ ਕਰੋੜਾਂ-ਕਰੋੜ ਮਜ਼ਦੂਰਾਂ, ਕਿਰਤੀਆਂ ਅਤੇ ਕਮਿਉਨਿਸਟ ਨੌਜਵਾਨਾਂ ਦੀ ਦਹਾਕਿਆਂ ਤੋਂ ਮੌਜੂਦ, ਸਭ ਤੋਂ ਸੰਘਣੀਆਂ ਅਕਾਂਖਿਆਵਾਂ ਨੂੰ ਮੂਰਤ ਰੂਪ ਦਿੰਦਾ ਹੈ। ਇਹ ਉਹਨਾਂ ਸਾਰੇ ਤੱਤਾਂ ਦਾ ਸਾਂਝਾ ਮੋਰਚਾ ਹੈ ਜੋ ਸਮਾਜਵਾਦ ਅਤੇ ਇਨਕਲਾਬ ਦੇ ਅਕਾਂਖਿਆਈ ਹਨ ਪਰ ਹੁਣ ਦਰਜਨਾਂ ਪਾਰਟੀਆਂ ਅਤੇ ਸੈਂਕੜੇ ਜਥੇਬੰਦੀਆਂ ‘ਚ ਵੰਡੇ ਹਨ ਅਤੇ ਇਸ ਲਈ ਸਰਮਾਏਦਾਰੀ-ਫ਼ਾਸੀਵਾਦ ਵਿਰੁੱਧ ਕੋਈ ਪ੍ਰਭਾਵੀ ਕਾਰਵਾਈ ਕਰਨ ‘ਚ ਅਸਮਰਥ ਹਨ। ਇਹ ਖੱਬੇਪੱਖੀ ਟਰੇਡ-ਯੂਨੀਅਨਾਂ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ, ਇਸਤਰੀ ਜਥੇਬੰਦੀਆਂ ਅਤੇ ਦੱਸ ਕਰੋੜ ਗੈਰ-ਜਥੇਬੰਦ ਕਿਰਤੀਆਂ ਦਾ ਮੋਰਚਾ ਹੈ, ਜੋ ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡ-ਦੇਹਾਤ ਤੱਕ ਖਿੰਡੇ ਹੋਏ ਹਨ।

ਸਵਾਲ- ਲੇਫ਼ਟ ਬਲਾਕ ਦਾ ਸਿਆਸੀ ਅਧਾਰ ਕੀ ਹੋਵੇਗਾ?

ਜਵਾਬ- ਇਹ ਹੋਵੇਗਾ: ਸਰਮਾਏਦਾਰੀ-ਫ਼ਾਸੀਵਾਦ ਵਿਰੁੱਧ ਸਾਂਝਾ ਮੋਰਚਾ। ਇਸ ਸੰਘਰਸ਼ ਦਾ ਵਿਸਤਾਰ, ਸੜਕ ਤੋਂ ਸੰਸਦ ਤੱਕ ਹੋਵੇਗਾ। ਸੰਸਦ ਅੰਦਰ ਸੰਘਰਸ਼, ਸੜਕ ‘ਤੇ ਸੰਘਰਸ਼ ਦੀ ਗੂੰਜ ਹੀ ਹੋ ਸਕਦਾ ਹੈ। ਇਸਦਾ ਫੌਰੀ ਮਕਸਦ, 2019 ਦੀਆਂ ਆਮ ਚੋਣਾਂ ‘ਚ ਸੱਜੇਪੱਖੀ ਪਾਰਟੀਆਂ, ਮੋਰਚਿਆਂ ਨੂੰ ਖੁੰਜੇ ਲਾਉਣਾ ਅਤੇ ਲੇਫ਼ਟ ਨੂੰ ਰਾਜਨੀਤੀ ਦੀ ਮੁੱਖਧਾਰਾ ਬਣਾਉਣਾ ਹੈ।

ਮੇਨਸ਼ੇਵਿਕ-ਸਤਾਲਿਨਵਾਦੀ ਆਗੂਆਂ ਨੇ ਕਾਂਗਰਸ ਅਤੇ ਦੂਜੀਆਂ ਸੱਜੀਆਂ ਬੁਰਜੁਆ ਪਾਰਟੀਆਂ ਦੀ ਪੁੰਛ ਫ਼ੜਨ ਦੀ ਜੋ ਨੀਤੀ ਸੱਤ ਦਹਾਕਿਆਂ ਤੋਂ ਲਾਗੂ ਕੀਤੀ ਹੈ, ਉਸਦਾ ਨਤੀਜਾ, ਖੱਬੀਆਂ ਤਾਕਤਾਂ ਦੇ ਹਾਸ਼ੀਏ ‘ਤੇ ਸਿਮਟ ਜਾਣ ਅਤੇ ਫਾਸੀਵਾਦੀਆਂ ਦੇ ਸੱਤਾ ਹਾਸਿਲ ਕਰਨ ਦੇ ਰੂਪ ‘ਚ ਮੂਹਰੇ ਆਇਆ ਹੈ।

ਇਸ ਘਿਨੌਣੀ ਨੀਤੀ ਨੂੰ ਤੁਰੰਤ ਉਲਟਾਉਣਾ ਹੋਵੇਗਾ ਅਤੇ ਪ੍ਰੋਲੇਤਾਰੀ ਦੀ ਸਿਆਸੀ ਅਜਾਦੀ ਨੂੰ ਅਧਾਰ ਬਣਾਉਂਦੇ ਹੋਏ, ਲੇਫ਼ਟ ਬਲਾਕ ਦੀ ਸੁਤੰਤਰ ਜਥੇਬੰਦੀ ਕਰਨੀ ਹੋਵੇਗੀ। ਜੇਕਰ ਅਸੀਂ ਹੁਣ ਵੀ ਬੁਰਜੁਆ ਪਾਰਟੀਆਂ, ਆਗੂਆਂ ਦੀ ਗੁਲਾਮੀ ਕਰਨ ਵਾਲੀ ਬੋਗਸ ਮੇਨਸ਼ੇਵਿਕ ਨੀਤੀ ਤੋਂ ਖਹਿੜਾ ਛੁਡਾ ਕੇ, ਸੁਤੰਤਰ ਲੇਫ਼ਟ ਬਲਾਕ ਦੀ ਉਸਾਰੀ ਵੱਲ ਨਹੀਂ ਮੁੜਦੇ, ਤਾਂ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੇਗਾ।

ਸਵਾਲ- ਇਸ ‘ਲੇਫ਼ਟ-ਬਲਾਕ’ ਦਾ ਉਦੇਸ਼ ਕੀ ਹੈ?

ਜਵਾਬ- ਲੇਫ਼ਟ ਬਲਾਕ ਦਾ ਉਦੇਸ਼ ਵੱਖ-ਵੱਖ ਪਾਰਟੀਆਂ, ਜਥੇਬੰਦੀਆਂ, ਖੇਤਰਾਂ, ਵਿਚਾਰਧਾਰਾਵਾਂ ‘ਚ ਖਿੰਡੇ-ਪੁੰਡੇ ਪ੍ਰੋਲੇਤਾਰੀਏ ਨੂੰ ਇੱਕ ਅਜਿਹੇ ਫੌਲਾਦੀ ਮੋਰਚੇ ‘ਚ ਜਥੇਬੰਦ ਕਰਨਾ ਹੈ, ਜਿੱਥੇ ਸਭ ਆਪਣੀਆਂ ਵਿਚਾਰਧਾਰਾ, ਆਪਣੀ ਪਾਰਟੀ, ਆਪਣੀਆਂ ਜੱਥੇਬੰਦੀਆਂ ਦੇ ਨਾਲ ਚੱਲਦੇ ਹੋਏ, ਆਪਣੇ ਸਾਂਝੇ ਦੁਸ਼ਮਣ ਵਿਰੁੱਧ ਇਕਜੁਟ ਕਾਰਵਾਈ ‘ਚ ਹਿੱਸਾ ਲੈ ਸਕਣ। ਇਹ ਬਲਾਕ, ‘ਆਪਣੀ-ਆਪਣੀ ਰਾਹ ਚੱਲੋ, ਹਮਲੇ ਲਈ ਇੱਕਜੁਟ ਹੋਵੋ’ ਦੀ ਨੀਤੀ ‘ਤੇ ਅਧਾਰਿਤ ਹੈ, ਜਿਸਦਾ ਉਦੇਸ਼ ਪ੍ਰੋਲੇਤਾਰੀ, ਸਮਾਜਵਾਦ ਅਤੇ ਇਨਕਲਾਬ ਦੇ, ਸਾਂਝੇ ਦੁਸ਼ਮਣਾਂ ਨੂੰ ਤਬਾਹ ਕਰਨਾ ਹੈ।

ਸਵਾਲ- ਚੋਣ ‘ਚ ਲੇਫ਼ਟ ਬਲਾਕ ਦੇ ਉਮੀਦਵਾਰ ਕੌਣ ਹੋਣਗੇ?

ਜਵਾਬ-ਉਹ ਸਾਰੇ ਜੁਝਾਰੂ ਅਤੇ ਇਮਾਨਦਾਰ ਸਾਥੀ ਜੋ ਸੱਜੀਆਂ ਪਾਰਟੀਆਂ, ਮੋਰਚਿਆਂ ਦੀ ਪੂੰਛ ਫੜਨ ਦੀ ਸਤਾਲਿਨਵਾਦੀਆਂ ਦੀ ਨੀਤੀ ਵਿਰੁੱਧ ਹਨ, WSP ਦੇ, ਲੇਫ਼ਟ ਬਲਾਕ ਦੇ, ਉਮੀਦਵਾਰ ਹੋ ਸਕਦੇ ਹਨ। ਉਹ ਸਾਥੀ ਜੋ ਸਤਾਲਿਨਵਾਦੀਆਂ ਦੀ ਸੱਜੀਆਂ ਪਾਰਟੀਆਂ, ਆਗੂਆਂ ਨਾਲ ਚਿੰਮੜਨ ਦੀ ਘਿਨੌਣੀ ਨੀਤੀ ਵਿਰੁੱਧ ਸਭ ਤੋਂ ਪਹਿਲੇ ਵਿਦਰੋਹ ਦਾ ਝੰਡਾ ਉੱਚਾ ਚੁੱਕਣਗੇ, WSP ਦੁਆਰਾ ਸਮਰਥਿਤ ਉਮੀਦਵਾਰ ਹੋ ਸਕਦੇ ਹਨ।

ਸਵਾਲ- ਲੇਫ਼ਟ ਬਲਾਕ ਦਾ ਚੋਣ ਪ੍ਰੋਗਰਾਮ ਕੀ ਹੈ?

ਜਵਾਬ-ਡਰਾਫ਼ਟ ਪ੍ਰੋਗਰਾਮ ਦੇ ਬਿੰਦੁ ਅਸੀਂ ਤਿਆਰ ਕੀਤੇ ਹਨ ਉਹਨਾਂ ਨੂੰ ਸਰਬਜਨਿਕ ਚਰਚਾ ਲਈ ਪ੍ਰਕਾਸ਼ਿਤ ਕੀਤਾ ਹੈ

http://workersocialist.blogspot.com/2018/06/socialist-program-for-2019-general.html

ਇਸ ਪ੍ਰੋਗਰਾਮ ‘ਤੇ ਹੀ ਅਸੀਂ ਚੋਣ ਲੜਾਂਗੇ ਅਤੇ ਚੋਣ ਮਗਰੋਂ ਵੀ ਇਸਨੂੰ ਕੇਂਦਰ ਬਣਾ ਕੇ ਸੰਘਰਸ਼ ਜ਼ਾਰੀ ਰੱਖਾਂਗੇ। ਇਹ ਪ੍ਰੋਗਰਾਮ ਇੱਕ ਅਜਿਹੀ ਪ੍ਰੋਲੇਤਾਰੀ ਸਰਕਾਰ ਦੀ ਸਥਾਪਨਾ ਲਈ ਸੰਘਰਸ਼ ਦਾ ਪ੍ਰੋਗਰਾਮ ਹੈ ਜੋ ਸਿੱਧੇ ਤੌਰ ‘ਤੇ ਮਜ਼ਦੂਰ ਜਮਾਤ ਦੀ ਤਾਕਤ ਹੋਵੇਗੀ ਅਤੇ ਸਰਮਾਏਦਾਰੀ ਦੀ ਤਬਾਹੀ ਦਾ ਔਜ਼ਾਰ ਹੋਵੇਗੀ।

ਸਵਾਲ- ਇਹ ਦੁਸ਼ਮਣ ਕੌਣ ਹਨ ਅਤੇ ਸਿਆਸੀ ਦ੍ਰਿਸ਼ ‘ਤੇ ਉਹਨਾਂ ਦੀ ਨੁਮਾਇੰਦਗੀ ਕੌਣ ਕਰਦਾ ਹੈ?

ਜਵਾਬ- ਇਹ ਦੁਸ਼ਮਣ, ਪ੍ਰੋਲੇਤਾਰੀ ਦੇ ਜਮਾਤੀ ਦੁਸ਼ਮਣ-ਦੇਸ਼ ਅਤੇ ਦੁਨੀਆ ਦੇ ਵੱਡੇ ਸਰਮਾਏਦਾਰ ਹਨ। ਭਾਜਪਾ ਤੋਂ ਕਾਂਗਰਸ ਤੱਕ ਬੁਰਜੁਆ ਸੱਜੇਪੱਖ ਦੀਆਂ ਸਾਰੀਆਂ ਪਾਰਟੀਆਂ ਭਾਰਤ ਦੀ ਸਿਆਸੀ ਸਕਰੀਨ ‘ਤੇ ਇਹਨਾਂ ਦੀਆਂ ਪ੍ਰਤੀਨਿਧੀ ਪਾਰਟੀਆਂ ਹਨ।

ਸਵਾਲ- ਪਰ ਲੇਫ਼ਟ ਬਲਾਕ ਇਹਨਾਂ ਸਾਰੀਆਂ ਪਾਰਟੀਆਂ ਵਿਰੁੱਧ ਕਿਵੇਂ ਲੜ ਅਤੇ ਜਿੱਤ ਸਕਦਾ ਹੈ?

ਜਵਾਬ-ਬੁਰਜੁਆ ਸੱਜੇਪੱਖ ਦੀਆਂ ਸਾਰੀਆਂ ਪਾਰਟੀਆਂ ਦਾ ਸਮਾਜਿਕ ਅਧਾਰ ਇੱਕ ਹੀ ਹੈ- ਵੱਡੀ ਬੁਰਜੁਆਜੀ ਅਤੇ ਮੱਧਵਰਗ ਦੇ ਕੁਝ ਉਪਰੀ ਹਿੱਸੇ। ਇਹ ਅਧਾਰ, ਗਿਣਤੀ ਦੇ ਮਾਮਲੇ ਵਿੱਚ ਮਾਮੂਲੀ ਹੀ ਹੈ। ਵਿਆਪਕ ਕਿਰਤੀ ਲੋਕ, ਲੇਫ਼ਟ ਬਲਾਕ ਦਾ ਸਮਾਜਿਕ ਅਧਾਰ ਹਨ। ਕਿਉਂਕਿ ਝੂਠੇ ਲੇਫ਼ਟ ਆਗੂਆਂ ਨੇ, ਇਸ ਅਧਾਰ ਨੂੰ, ਬੁਰਜੁਆ ਸੱਜੇਪੱਖ ਮਗਰ ਬੰਨੀ ਰੱਖਿਆ ਹੈ, ਇਸ ਲਈ ਲੇਫ਼ਟ ਬਲਾਕ ਦੀਆਂ ਤਾਕਤਾਂ ਖਿੰਡੀਆਂ ਹੋਈਆਂ, ਗੈਰ-ਜੱਥੇਬੰਦ ਅਤੇ ਦਿਸ਼ਾਹੀਣ ਹਨ। ਸਾਡੇ ਮੂਹਰੇ ਚੁਣੌਤੀ ਉਹਨਾਂ ਨੂੰ ਜਮਾਤੀ ਧੁਰੀ ‘ਤੇ ਜੱਥੇਬੰਦ ਕਰਨ ਦੀ ਮਹਿਜ ਹੈ। ਜੇਕਰ ਜਥੇਬੰਦ ਲੇਫ਼ਟ ਲਾਲ ਝੰਡਾ ਉੱਚਾ ਕਰਦਾ ਹੈ ਤਾਂ ਇਹ ਸਾਰੀਆਂ ਪਾਰਟੀਆਂ, ਜਥੇਬੰਦੀਆਂ ‘ਚ ਮੌਜੂਦ ਕਿਰਤੀ ਲੋਕਾਂ ਦੀ ਜਮਾਤੀ-ਚੇਤਨਾ ਨੂੰ ਸਿੱਧੇ ਤੌਰ ‘ਤੇ ਅਪੀਲ ਕਰੇਗਾ ਅਤੇ ਉਹ ਬਹੁਤ ਤੇਜ਼ੀ ਨਾਲ ਇਸ ਵੱਲ ਖਿੱਚੇ ਜਾਣਗੇ। ਸਾਡਾ ਉਦੇਸ਼, ਖੱਬੇ ਅਤੇ ਸੱਜੇ ਦਰਮਿਆਨ ਇਸ ਸਪਸ਼ਟ ਸਿਆਸੀ ਧਰੂਵੀਕਰਨ ਨੂੰ ਅਮਲ ‘ਚ ਲਿਆਉਣਾ ਹੈ ਜਿਸ ਨਾਲ ਸੱਜੇਪੱਖੀ ਤਾਕਤਾਂ ਨੂੰ ਪੂਰੀ ਤਰਾਂ ਕਿਨਾਰੇ ਲਗਾ ਦਿੱਤਾ ਜਾਵੇ ਅਤੇ ਸਿਆਸੀ ਰੰਗਮੰਚ ‘ਤੇ ਖੱਬੀਆਂ ਤਾਕਤਾਂ ਪਹਿਲੀ ਵਾਰ ਕੇਂਦਰ ‘ਚ ਆ ਜਾਣ।

ਸਵਾਲ- ਕੀ ਤੁਸੀਂ ਬੁਰਜੁਆ ਸੰਸਦਵਾਦ ਵੱਲ ਪਰਤ ਰਹੇ ਹੋ ਅਤੇ ਸੰਸਦ ਦੇ ਰਸਤੇ ਇਨਕਲਾਬ ਚਾਹੁੰਦੇ ਹੋ?

ਜਵਾਬ-ਬਿਲਕੁਲ ਨਹੀਂ! ਅਸੀਂ ਬੁਰਜੁਆ ਸੰਸਦਵਾਦ ਦੇ ਕਟੁ ਵਿਰੋਧੀ ਹਾਂ। ਸ਼ਾਂਤੀਪੂਰਨ ਸੰਸਦੀ ਰਸਤੇ ‘ਚ, ਇਨਕਲਾਬ ਤਾਂ ਕੀ, ਮਾਮੂਲੀ ਸੁਧਾਰ ਤੱਕ ਨਾਮੁਮਕਿਨ ਹਨ। ਸੰਸਦ ਦੇ ਮੰਚ ਦੀ ਵਰਤੋਂ ਹੁਣ ਮਜ਼ਦੂਰਾਂ, ਕਿਰਤੀਆਂ ਦੀ ਜੀਵਨ-ਸਥਿਤੀਆਂ ‘ਚ ਕਿਸੇ ਅਸਲੀ ਅਤੇ ਦੂਰਰਸ ਸੁਧਾਰ ਤੱਕ ਲਈ ਨਹੀਂ ਹੋ ਸਕਦੀ। ਸਕਾਰਾਤਮਕ ਸੰਸਦਵਾਦ ਦਾ, ਸਾਂਤੀਪੂਰਨ ਸਮਾਜਿਕ-ਜਮਹੂਰੀਅਤ ਦਾ ਦੌਰ, ਡੇਢ ਸਦੀ ਪਿਛੇ ਲੰਘ ਚੁੱਕਾ ਹੈ। ਸਾਮਰਾਜਵਾਦ ਦੇ ਯੁੱਗ ‘ਚ, ਬੁਰਜੁਆ ਸੰਸਦ ਦੀ ਵਰਤੋਂ ਸਿਰਫ਼ ਨਕਾਰਾਤਮਕ ਉਦੇਸ਼ਾਂ ਲਈ ਹੀ ਕੀਤੀ ਜਾ ਸਕਦੀ ਹੈ। ਇਹ ਨਾਕਾਰਾਤਮਕ ਉਦੇਸ਼ ਹਨ- ਬੁਰਜੁਆ ਸੰਸਦਵਾਦ ਦਾ ਇਨਕਲਾਬੀ ਵਿਖੰਡਨ। ਉਸਦਾ ਪਾਜ ਉਘਾੜਨਾ, ਉਸਦਾ ਵਿਨਾਸ਼! ਸਭ ਤੋਂ ਪ੍ਰਤੀਕਿਰਿਆਵਾਦੀ ਟ੍ਰੇਡ ਯੂਨੀਅਨਾਂ ਤੋਂ ਲੈ ਕੇ ਬੁਰਜੁਆ ਸੰਸਦ ਤੱਕ, ਜਮਾਤੀ ਦੁਸ਼ਮਣ ਦੇ ਸਾਰੇ ਕਿਲਿਆਂ ‘ਚ ਕਮਿਉਨਿਸਟ ਇਨਕਲਾਬੀਆਂ ਨੂੰ ਸੰਨ੍ਹ ਲਾਉਣੀ ਚਾਹੀਦੀ ਹੈ। ਇਹੀ ਲੈਨਿਨ ਦੀ ਨੀਤੀ ਹੈ, ਇਹੀ WSP ਦਾ ਸੰਖਨਾਦ!

ਸਤਾਲਿਨਵਾਦੀ ਆਗੂਆਂ ਨੇ 70 ਸਾਲ ਬੁਰਜੁਆ ਸੰਸਦਵਾਦ ਦੀ ਸੇਵਾ ਕੀਤੀ ਹੈ। ਉਹਨਾਂ ਨੇ ਬੁਰਜੁਆ ਸੰਸਦ, ਬੁਰਜੁਆ ਲੋਕਤੰਤਰ ਅਤੇ ਸਵਿੰਧਾਨ ਦੀ ਉਪਾਸਨਾ ਅਤੇ ਉਸਦਾ ਅਮੂਰਤ ਆਦਰਸ਼ੀਕਰਨ ਕਰਕੇ, ਉਸ ‘ਚ ਅਨੰਤ ਭਰਮਾਂ ਦੀ ਸਿਰਜਨਾ ਕਰਦੇ ਹੋਏ, ਨੌਜਵਾਨਾਂ, ਮਜ਼ਦੂਰਾਂ ਨੂੰ ਉਸ ਵਿਵਸਥਾ ਨਾਲ ਬੰਨੀ ਰੱਖਿਆ ਹੈ, ਜਿਸ ਵਿਰੁੱਧ ਉਹਨਾਂ ਨੂੰ ਵਿਦਰੋਹ ਕਰਨਾ ਚਾਹੀਦਾ ਸੀ।

ਪਹਿਲਾਂ ਕਾਉਤਸਕੀ ਅਤੇ ਫਿਰ ਸਤਾਲਿਨ ਨੇ ਇਹ ਊਤ ਕੰਮ ਕੀਤਾ ਕਿ “ਦੁਨੀਆ ‘ਚ ਸ਼ਕਤੀ ਸੰਤੁਲਨ ਬਦਲ ਜਾਣ ਨਾਲ ਇਨਕਲਾਬ ਦੀ ਯੰਤਰਿਕੀ ਵੀ ਬਦਲ ਗਈ ਹੈ ਅਤੇ ਹੁਣ ਬੁਰਜੁਆ ਸੰਸਦ ਦੇ ਰਸਤੇ ਸਮਾਜਵਾਦ ‘ਚ ਸ਼ਾਂਤੀਪੂਰਨ ਸੰਕਰਮਣ ਸੰਭਵ ਹੈ”।

ਇਸ ਵਾਹੀਯਾਤ ਨੀਤੀ ਨੇ ਦੂਜੀ ਅਤੇ ਤੀਜੀ ਕੌਮਾਂਤਰੀ ਦੀ ਸੰਘੀ ਘੁੱਟ ਦਿੱਤੀ।

ਚੌਥੀ ਕੌਮਾਂਤਰੀ ਦੀ ਸਥਾਪਨਾ ਕਰਦੇ ਹੋਏ, ਰੂਸੀ ਇਨਕਲਾਬ ਦੇ ਸਹਿ-ਆਗੂ ਤਰਾਤਸਕੀ ਦੀ ਅਗਵਾਈ ‘ਚ ਜੱਥੇਬੰਦ, ਕਮਿਉਨਿਸਟ ਇਨਕਲਾਬੀਆਂ ਨੇ ਇਹ ਵਿਖਾਇਆ ਕਿ ਬੁਰਜੁਆ ਰਾਜ ਖੁਦ ਹਿੰਸਕ ਇਨਕਲਾਬਾਂ ਦਾ ਨਤੀਜਾ ਹੈ ਅਤੇ ਇਸਨੂੰ ਸ਼ਾਂਤੀਪੂਰਨ ਸਾਧਨਾਂ ਨਾਲ ਹਰਾਇਆ ਨਹੀਂ ਕੀਤਾ ਜਾ ਸਕਦਾ। ਸੰਸਦੀ ਕਾਰਜ ਨੂੰ ਆਮ ਸਿਆਸੀ ਸੰਘਰਸ਼ ਦੇ ਅਧੀਨ ਰੱਖਦੇ ਹੋਏ, ਜਿਸਦਾ ਉਦੇਸ਼ ਬੁਰਜੁਆ ਰਾਸ਼ਟਰੀ-ਰਾਜਾਂ ਦਾ ਬਲਪੂਰਵਕ ਤਖਤਾ ਉਲਟ ਦੇਣਾ ਹੈ, ਚੌਥੀ ਕੌਮਾਂਤਰੀ ਨੇ ਉਸ ਘਿਨੌਣੇ ਸੰਸਦਵਾਦ ਨੂੰ ਇੱਕ ਵਾਰ ਫਿਰ ਚੁਣੌਤੀ ਦਿੱਤੀ, ਜਿਸਨੂੰ ਦੂਜੀ ਕੌਮਾਂਤਰੀ ਵਿਰੁੱਧ ਸੰਘਰਸ਼ ‘ਚ ਨਿਸ਼ਾਨਾ ਬਣਾਇਆ ਗਿਆ ਸੀ।

ਸਵਾਲ- ਸਤਾਲਿਨਵਾਦੀ ਪਾਰਟੀਆਂ ਵੀ ‘ਖੱਬੇਪਖੀ ਲੋਕਤੰਤਰਿਕ ਮੋਰਚੇ’ ਦਾ ਮਤਾ ਰੱਖ ਰਹੀਆਂ ਹਨ। ਵਰਕਰਜ਼ ਸੋਸ਼ਲਿਸਟ ਪਾਰਟੀ ਦੁਆਰਾ ਸੁਝਾਇਆ ਗਿਆ ਲੇਫ਼ਟ ਬਲਾਕ ਉਹਨਾਂ ਦੇ ਮਤੇ ਤੋਂ ਕਿਵੇਂ ਵੱਖ ਹੈ?

ਜਵਾਬ- ਖੱਬੇਪੱਖੀ ਅਤੇ ਲੋਕਤੰਤਰਿਕ ਮੋਰਚੇ ਦਾ ਨਾਅਰਾ, ਇੱਕ ਸੱਜੇਪੱਖੀ ਸਾਜਿਸ਼ ਹੈ! ਖੱਬੇਪੱਖੀ ਮੋਰਚੇ ਦਾ ਅਰਥ ਹੀ ਹੈ- ਮਜ਼ਦੂਰ ਜਮਾਤ ਨੂੰ ਧੂਰੀ ਬਣਾਉਂਦੇ ਹੋਏ, ਕਰੋੜਾਂ-ਕਰੋੜ ਕਿਰਤੀਆਂ ਦਾ ਏਕਾ। ਤਾਂ ਫਿਰ ਵੱਖ ਤੋਂ ‘ਲੋਕਤੰਤਰਿਕ ਤਾਕਤਾਂ’ ਕਿਹੜੀਆਂ ਹਨ? ਅਸਲ ‘ਚ, ਸਤਾਲਿਨਵਾਦੀ, ਇਸ ‘ਚ ਬੁਰਜੁਆ ਸੱਜੇਪੱਖ ਦੀਆਂ ਤਾਕਤਾਂ ਨੂੰ ਸੁਵਿਧਾਅਨੁਸਾਰ ਸ਼ਾਮਿਲ ਕਰਦੇ ਹਨ। ਕਾਂਗਰਸ ਤੋਂ ਟੀਡੀਪੀ ਤੱਕ ਬੁਰਜੁਆ ਸੱਜੇਪੱਖ ਦੀ ਲਗਭਗ ਸਾਰੀਆਂ ਪਾਰਟੀਆਂ ਨੂੰ, ਸਤਾਲਿਨਵਾਦੀਆਂ ਨੇ ‘ਲੋਕਤੰਤਰਿਕ ਅਤੇ ਧਰਮਨਿਰਪੱਖ’ ਤਾਕਤਾਂ ਦੱਸ ਕੇ, ਸਾਂਝੇ ਮੋਰਚੇ ‘ਚ ਸ਼ਾਮਿਲ ਕੀਤਾ ਹੈ।

ਲੇਫ਼ਟ ਬਲਾਕ ਦੀ ਸਿਆਸੀ ਧਾਰ, ਬੁਰਜੁਆ ਸੱਜੇਪੱਖ ਤੋਂ ਉਸਦੀ ਅਜਾਦੀ ਅਤੇ ਉਸ ਪ੍ਰਤੀ ਵਿਰੋਧ ‘ਚ ਮੌਜੂਦ ਹੈ। ਜਿਉਂ ਹੀ ਬੁਰਜੁਆ ਸੱਜੇਪੱਖ ਦੀ ਕਿਸੇ ਵੀ ਪਾਰਟੀ ਨੂੰ ਲੇਫ਼ਟ ਨਾਲ ਬੰਨਿਆ ਜਾਂਦਾ ਹੈ, ਲੇਫ਼ਟ, ਰਾਈਟ ਦੇ ਜੂਏ ਦੇ ਹੇਠ ਆ ਜਾਂਦਾ ਹੈ ਅਤੇ ਉਸਦਾ ਗੁਲਾਮ ਬਣ ਜਾਂਦਾ ਹੈ।

ਸਤਾਲਿਨਵਾਦੀ ਆਗੂ, ਲੇਫ਼ਟ ਦੇ ਨਾਲ ‘ਸੇਕੂਲਰ’ ਅਤੇ ‘ਡੇਮੋਕ੍ਰੇਟਿਕ’ ਅਗੇਤਰ ਜੋੜ ਕੇ, ਕਾਂਗਰਸ, ਰਾਜਦ, ਰਾਲੋਦ, ਸਪਾ, ਬਸਪਾ, ਆਪ ਵਰਗੀਆਂ ਅਣਗਿਣਤ ਛੋਟੀਆਂ-ਵੱਡੀਆਂ ਬੁਰਜੁਆ ਸੱਜੇਪੱਖੀ ਅਤੇ ਘੋਰ ਇਨਕਲਾਬ-ਵਿਰੋਧੀ ਪਾਰਟੀਆਂ ਦੇ ਨਾਲ ਚੁਣਾਵੀ ਗਠਜੋੜ ਬਣਾਉਣ ਲਈ ਰਾਹ ਖੋਲਦੇ ਹਨ।

ਬੁਰਜੁਆ ਸੱਜੇਪੱਖ ਦੀਆਂ ਇਹਨਾਂ ਪਾਰਟੀਆਂ ‘ਚੋਂ ਕਿਸੇ ਦਾ ਵੀ, ਸੈਕੂਲਰ-ਡੇਮੋਕ੍ਰੇਸੀ ਦੇ ਨਾਲ ਦੂਰ ਦਾ ਵੀ ਨਾਤਾ ਨਹੀਂ ਹੈ। ਸਿਰਫ਼ ਲੇਫ਼ਟ ਬਲਾਕ ਹੀ ਸੈਕੂਲਰ-ਡੇਮੋਕ੍ਰੇਸੀ ਦੀ ਇਕੋ-ਇੱਕ ਤਾਕਤ ਹੈ। ਸਿਰਫ਼ ਮਜ਼ਦੂਰ, ਕਿਰਤੀ ਅਤੇ ਕਮਿਉਨਿਸਟ ਨੌਜਵਾਨ ਹੀ ਸੇਕੂਲਰ-ਡੇਮੋਕ੍ਰੇਸੀ ਹਨ। ਲੇਫ਼ਟ ਤੋਂ ਵੱਖ ਕੋਈ ਸੈਕੂਲਰ-ਡੇਮੋਕ੍ਰੇਸੀ ਨਾ ਹੈ, ਨਾ ਹੋ ਸਕਦੀ ਹੈ। ਲੇਫ਼ਟ ਬਲਾਕ ਦਾ ਕੇਂਦਰੀ ਉਦੇਸ਼ ਹੀ ਸੈਕੂਲਰ-ਡੇਮੋਕ੍ਰੇਸੀ ਲਈ ਸੰਘਰਸ਼ ਹੈ।

ਇਸ ਲਈ, ਮੱਕਾਰ ਸਤਾਲਿਨਵਾਦੀ ਆਗੂਆਂ ਦੁਆਰਾ ਪੇਸ਼ ਉਹਨਾਂ ਸਾਰੇ ਚੁਣਾਵੀ ਗਠੋਜੋੜਾਂ ਨੂੰ ਅਸੀਂ ਸਿਰੇ ਤੋਂ ਨਕਾਰਦੇ ਹਾਂ ਜਿਹੜੇ ਖੱਬੇਪੱਖ ਦੇ ਨਾਲ ਕਥਿਤ ‘ਲੋਕਤੰਤਰਿਕ’ ਅਤੇ ‘ਧਰਨਿਰਪੇਖ’ ਤਾਕਤਾਂ ਨੂੰ ਜੋੜਨ ਦੇ ਨਾਮ ਨਾਲ ਲੇਫ਼ਟ ਨੂੰ ਬੁਰਜੁਆ ਰਾਈਟ ਦੇ ਅਧੀਨ ਕਰ ਦੇਣਾ ਚਾਹੁੰਦੇ ਹਨ। ਝੂਠੇ ਖੱਬੇਪੱਖੀ ਆਗੂਆਂ ਦੁਆਰਾ ਸੁਝਾਏ, ਸੇਕੂਲਰ-ਡੇਮੋਕ੍ਰੇਸੀ ਦੇ ਫਰਜੀਵਾੜੇ ਨੂੰ ਨੰਗਾ ਅਤੇ ਨਾਕਾਮ ਕਰਨਾ ਹੋਵੇਗਾ।

ਸਵਾਲ-ਸੰਸਦ ‘ਚ ਤੁਹਾਡੀ ਹਿੱਸੇਦਾਰੀ ਅਤੇ ਉਸਦੇ ਅਯਾਮ, ਸਤਾਲਿਨਵਾਦੀਆਂ ਦੇ ਸੰਸਦਵਾਦ ਤੋਂ ਕਿਵੇਂ ਅਲਗ ਹੋਣਗੇ?

ਜਵਾਬ- 2004 ‘ਚ, 64 ਸਤਾਲਿਨਵਾਦੀ ਸਾਂਸਦ, ਭਾਰਤੀ ਸੰਸਦ ‘ਚ ਪਹੁੰਚੇ। ਇਸਦੇ ਬਾਵਜੂਦ ਸੰਸਦ ਖ਼ੂਬ ਮਜ਼ੇ ਨਾਲ ਚਲਦੀ ਰਹੀ। ਇਹਨਾਂ ਗਿੱਦੜਾਂ ਨੇ ਪੰਜ ਸਾਲ ਸਿਰਫ਼ ਬੁਰਜੁਆ ਸੰਸਦ ਦੀ ਸੇਵਾ ਕੀਤੀ, ਉਸਨੂੰ ਸ਼ਾਂਤੀਪੂਰਵਕ ਚੱਲਣ ‘ਚ ਮਦਦ ਕੀਤੀ, ਉਸਦੇ ਚਰਨ ਧੋ-ਧੋ ਕੇ ਪੀਤੇ ਅਤੇ ਇੰਦਰਜੀਤ ਗੁਪਤਾ, ਸੋਮਨਾਥ ਚੈਟਰਜੀ ਅਤੇ ਸੀਤਾਰਾਮ ਯੇਚੁਰੀ ਵਰਗੇ ਇਹਨਾਂ ਦੇ ਆਗੂ, ਹਾਕਮਾਂ ਲਈ ਸਰਵਸ਼੍ਰੇਸ਼ਠ ਸਾਂਸਦ ਦੇ ਸੋਨਪੱਤਰ ਲੈ ਕੇ ਵਾਪਸ ਪਰਤੇ। ਇਸਦੇ ਠੀਕ ਉਲਟ, ਜਾਰਸ਼ਾਹੀ ਡਿਊਮਾ ‘ਚ ਸਿਰਫ਼ 7 ਬਾਲਸ਼ਵਿਕ ਸਾਂਸਦਾਂ ਨੇ ਜਾਰਸ਼ਾਹੀ ਦੀ ਚੂਲ ਹਿਲਾ ਦਿੱਤੀ ਸੀ। ਉਹਨਾਂ ਨੂੰ ਹਰ ਰੋਜ਼ ਡਿਉਮਾ ਤੋਂ ਘੜੀਸ ਕੇ ਕੱਢਿਆ ਜਾਂਦਾ ਅਤੇ ਆਖਰਕਾਰ ਸਾਈਬੇਰੀਆ ‘ਚ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ।

ਸਤਾਲਿਨਵਾਦੀਆਂ ਦੇ ਇਸ ਨੀਚ ਸੰਸਦਵਾਦ ਨੂੰ ਖੁੱਲੀ ਚੁਣੌਤੀ ਦਿੰਦੇ ਹੋਏ, ਇਹਨਾਂ ਗਿੱਦੜਾਂ ਨੂੰ ਲਾਂਭੇ ਕਰਕੇ, ਸੰਸਦ ਨੂੰ ਇਨਕਲਾਬ ਦੇ ਮੰਚ ਦੇ ਰੂਪ ‘ਚ ਵਰਤੋਂ ਕਰਨ ਲਈ, WSP ਦਖਲ ਦੇ ਰਹੀ ਹੈ।

ਅਸੀਂ ਜਮਾਤੀ-ਘੋਲ ਦੇ ਮੋਰਚੇ ਨੂੰ ਸੰਸਦ ਦੇ ਅੰਦਰ ਤੱਕ ਲੈ ਜਾਵਾਂਗੇ। ਅਸੀਂ ਬੁਰਜੁਆ ਸੰਸਦ ਅਤੇ ਸੰਸਦਵਾਦ ਦੀ ਇੱਟ ਨਾਲ ਇੱਟ ਵਜਾ ਦੇਵਾਂਗੇ। ਅਸੀਂ ਉਸ ਅਪਾਹਜ ਅਤੇ ਘਿਨੌਣੇ ਸੰਸਦਵਾਦ ਨੂੰ ਚੁਣੌਤੀ ਦਿਆਂਗੇ, ਜਿਸਨੂੰ ਸਤਾਲਿਨਵਾਦੀ ਆਗੂਆਂ ਨੇ ਦਹਾਕਿਆਂ ਤੋਂ ਘੜੀਸਿਆ ਹੈ ਅਤੇ ਜਿਸ ਜਰੀਏ ਉਹਨਾਂ ਆਪਣੇ ਲਈ, ਸਰਵਸ਼੍ਰੇਸ਼ਠ ਸਾਂਸਦ ਦੇ ਪੁਰਸਕਾਰ, ਬੰਗਲੇ, ਗੱਡੀ ਅਤੇ ਸੰਸਦ ‘ਚ ਸੀਟਾਂ ਹਾਸਿਲ ਕੀਤੀਆਂ ਹਨ। ਸੰਸਦ ਅੰਦਰ ਸਾਡਾ ਸੰਘਰਸ਼, ਉਸਨੂੰ ਇਨਕਲਾਬ ਦੀ ਦਹਿਲੀਜ਼ ਤੱਕ ਘੜੀਸ ਲੈ ਜਾਏਗਾ। ਬੁਰਜੁਆ ਸੰਸਦ ‘ਚ ਸਾਡਾ ਦਖਲ, ਬੁਰਜੁਆ ਸੰਸਦਵਾਦ ਦੇ ਪੂਰਨ ਵਿਨਾਸ਼ ਵੱਲ ਨਿਰਦੇਸ਼ਿਤ ਹੈ। ਸੰਸਦ ਪ੍ਰਤੀ ਸਾਡਾ ਰੁਖ਼ ਲੈਨਿਨ ਦੀ ਇਸ ਪਹੁੰਚ ਨਾਲ ਨਿਰਦੇਸ਼ਿਤ ਹੈ ਕਿ ਬੁਰਜੁਆ ਸੰਸਦ ਸੂਰਬਾੜਾ ਹੈ। ਸਾਡੀਆਂ ਸਾਰੀਆਂ ਸੰਸਦੀ ਸਰਗਰਮੀਆਂ, ਇਸ ਸੂਰਬਾੜੇ ਦਾ ਭਾਂਡਾ ਭੰਨਣ ਅਤੇ ਇਸਦੇ ਰੇਸ਼ਮੀ ਪਰਦੇ ਨੂੰ ਪਾੜ ਸੁੱਟਣ ‘ਤੇਂ ਕੇਂਦਰਿਤ ਹਨ ਤਾਂਕਿ ਕਿਰਤੀ ਲੋਕ ਪ੍ਰਤੱਖ ਦੇਖ ਸਕਣ ਕਿ ਇਹ ਸੂਰਬਾੜੇ ਦੇ ਸਿਵਾਏ ਕੁਝ ਨਹੀਂ ਹੈ।

ਸਵਾਲ- ਤੁਸੀਂ ਕਿਹਾ- ‘ਸੰਸਦ ਸੂਰਬਾੜਾ ਹੈ’: ਫਿਰ ਵੀ ਤੁਸੀਂ ਸੰਸਦ ‘ਚ ਜਾਣਾ ਚਾਹੁੰਦੇ ਹੋ?

ਜਵਾਬ- ਲੈਨਿਨ ਨੇ ਵੀ ਸੰਸਦ ਨੂੰ ਸੂਰਬਾੜਾ ਕਿਹਾ ਸੀ। ਪਰ ਲੈਨਿਨ ਹੀ ਸੰਸਦ ਦੇ ਬਾਈਕਾਟ ਦਾ ਵੱਡਾ ਵਿਰੋਧੀ ਅਤੇ ਉਸ ‘ਚ ਸ਼ਿਰਕਤ ਕਰਨ ਦਾ ਸਭ ਤੋਂ ਵੱਡਾ ਹਿਮਾਇਤੀ ਸੀ। ਲੈਨਿਨ ਨੇ ਉਹਨਾਂ ਸਭ ਦੀ ਸਖ਼ਤ ਅਲੋਚਨਾ ਕੀਤੀ ਜੋ ਵੱਖ-ਵੱਖ ਬਹਾਨਿਆਂ ਨਾਲ, ਬੁਰਜੁਆ ਸੰਸਦ ਦੇ ਬਾਈਕਾਟ ਦਾ ਸੱਦਾ ਦੇ ਰਹੇ ਸਨ। ਕੀ ਇਹ ਆਪਾਵਿਰੋਧ ਸੀ? ਲੈਨਿਨ ਨੇ ਕਿਹਾ ਕਿ ਸੰਸਦ ਸੂਰਬਾੜਾ ਹੈ ਪਰ ਕਿਰਤੀ ਲੋਕਾਂ ਦੇ ਪਿਛੜੇ ਵਿਆਪਕ ਹਿੱਸੇ ਉਸਨੂੰ ਇਸ ਰੂਪ ‘ਚ ਨਹੀਂ ਵੇਖਦੇ। ਸਾਡਾ ਕੰਮ ਹੈ ਸੰਸਦ ਅੰਦਰ ਅਤੇ ਬਾਹਰ ਇਸ ਸੂਰਬਾੜੇ ਦਾ ਭਾਂਡਾ ਭੰਨਣਾ ਤਾਂਕਿ ਲੋਕਾਂ ਦੇ ਵਿਆਪਕ ਹਿੱਸੇ ਇਸਨੂੰ ਉਸ ਨੰਗੇ ਰੂਪ ‘ਚ ਦੇਖ ਸਕਣ ਜਿਸ ਰੂਪ ‘ਚ ਇਹ ਸਾਨੂੰ ਵਿਖਾਈ ਦਿੰਦਾ ਹੈ। ਬੁਰਜੁਆ ਸੰਸਦ ਦੇ ਬਾਈਕਾਟ ਦੀ ਨੀਤੀ ਨੂੰ ਪ੍ਰੋਲੇਤਾਰੀ ਅੰਦੋਲਨ ਦੀ ਕਮਜ਼ੋਰੀ ਦੱਸਦੇ ਹੋਏ ਲੈਨਿਨ ਨੇ ਇਸਨੂੰ ਖੱਬੇਪੱਖੀ ਭਟਕਾਅ ਕਹਿੰਦੇ ਹੋਏ ਖਾਰਿਜ ਕੀਤਾ।

ਇਸ ਸੰਸਦ ਨੂੰ ਇਨਕਲਾਬੀ, ਸਿਆਸੀ ਸਰਗਰਮੀਆਂ ਦੇ ਮਹਤਵਪੂਰਨ ਪਰ ਗੌਣ ਮੱਹਤਵ ਦੇ ਸਿਆਸੀ ਮੰਚ ਦੇ ਰੂਪ ‘ਚ ਵੇਖਦੇ ਹਨ। ਮਹੱਤਵਪੂਰਨ ਇਸ ਲਈ ਕਿ ਬੁਰਜੁਆ ਜਮਹੂਰੀਅਤ ਦੇ ਤਿਲਿਸਮ ਨੂੰ ਨੰਗਾ ਕਰਨ ਲਈ ਇਸ ਮੰਚ ਦੀ ਵਰਤੋਂ ਇਨਕਲਾਬੀ ਦ੍ਰਿਸ਼ਟੀ ਤੋਂ ਮਹਤਵਪੂਰਨ ਹੈ। ਗੌਣ ਇਸ ਲਈ ਕਿ ਸੰਸਦ ਦੀ ਨੁਮਾਇੰਦਗੀ, ਸੜਕ ‘ਤੇ ਇਨਕਲਾਬ ਦੀ ਬਣਾਵਟ ਨੂੰ ਕਦੇ ਬਿੰਬਿਤ ਨਹੀਂ ਕਰਦੀ। ਇਸ ਲਈ ਸੰਸਦ ‘ਚ ਸਾਡਾ ਦਖਲ, ਸੰਸਦ ਦੇ ਬਾਹਰ ਸਾਡੀਆਂ ਇਨਕਲਾਬੀ ਸਰਗਰਮੀਆਂ ਦਾ ਮਹਿਜ ਇੱਕ ਹਿੱਸਾ ਅਤੇ ਉਹਨਾਂ ਅਧੀਨ ਹੈ।

ਅਸੀਂ ਇੱਕ ਪਾਸੇ ਤਾਂ ਇਸ ਘਿਨੌਣੇ ਬੁਰਜੁਆ ਸੰਸਦਵਾਦ ਨੂੰ ਲਾਹਨਤ ਘੱਲਦੇ ਹਾਂ ਜਿਸਨੂੰ ਲਾਗੂ ਕਰਦੇ ਸਤਾਲਿਨਵਾਦੀਆਂ ਨੇ ਬੁਰਜੁਆ ਸੰਸਦ ‘ਚ ਉਲਟ-ਇਨਕਲਾਬੀ ਭਰਮ ਪੈਦਾ ਕੀਤੇ ਅਤੇ ਬਦਲੇ ‘ਚ ਸਰਵਸ਼੍ਰੇਸ਼ਠ ਸਾਂਸਦ ਦੇ ਤਿੰਨ-ਤਿੰਨ ਖਿਤਾਬ ਝਟਕਾਏ ਅਤੇ ਦੂਜੇ ਪਾਸੇ ਸੰਸਦ ਦੇ ਬਾਈਕਾਟ ਦੀ ਉਸ ਮੂਰਖਤਾਪੂਰਨ ਨੀਤੀ ਦਾ ਵੀ ਵਿਰੋਧ ਕਰਦੇ ਹਾਂ ਜਿਸਨੂੰ ਲਾਗੂ ਕਰਦੇ ਮਾਓਵਾਦੀਆਂ ਨੇ ਇਸ ਮਹਤਵਪੂਰਨ ਮੰਚ ਨੂੰ ਸਰਮਾਏਦਾਰੀ ਦੇ ਦਲਾਲਾਂ ਲਈ ਖਾਲੀ ਛੱਡ ਦਿੱਤਾ। ਜਾਰਸ਼ਾਹੀ ਡਿਊਮਾ ‘ਚ ਬਾਲਸ਼ਵਿਕਾਂ ਦੁਆਰਾ ਆਯੋਜਿਤ ਇਨਕਲਾਬੀ ਕਾਰਵਾਈਆਂ, ਜਿਹਨਾਂ ਦੇ ਚਲਦੇ ਬਾਲਸ਼ਵਿਕ ਸਾਂਸਦਾਂ ਨੂੰ ਜਲਾਵਤਨੀ ਦੀਆਂ ਲੰਬੀਆਂ ਸਜ਼ਾਵਾਂ ਹੋਈਆਂ, ਸਾਡੇ ਲਈ ਪ੍ਰੇਰਨਾ ਸ੍ਰੋਤ ਹਨ।

ਸਵਾਲ- ਚੋਣ ਤੋਂ ਪਹਿਲਾਂ ਦੀ ਸਿਆਸੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਤੇ ਆਉਣ ਵਾਲੀਆਂ ਆਮ ਚੋਣਾਂ ‘ਚ WSP ਦੀ ਯੁੱਧਨੀਤੀ ਕੀ ਰਹੇਗੀ?

ਜਵਾਬ- ਭਾਜਪਾ ਦੀ ਅਗਵਾਈ ਵਾਲੀ ਹਕੂਮਤ ਤੋਂ ਲੋਕਾਂ ਦਾ ਮੋਹਭੰਗ ਹੋ ਰਿਹਾ ਹੈ। ਪਿਛਲੇ ਸੱਤ ਦਹਾਕਿਆਂ ‘ਚ, ਇੱਕ ਮਗਰੋਂ ਇੱਕ, ਸਾਰੀਆਂ ਪੂੰਜੀਵਾਦੀ ਹਕੂਮਤਾਂ, ਇਸ ਤਰਾਂ ਹੀ ਲੋਕਾਂ ਦੇ ਗੁੱਸੇ ਤੋਂ ਨਹੀਂ ਬੱਚ ਸਕੀਆਂ। ਸਰਕਾਰਾਂ ਵਿੱਚ ਪਾਰਟੀਆਂ ਦੀ ਅਦਲਾ-ਬਦਲੀ ਹੁੰਦੀ ਰਹੀ ਹੈ ਪਰ 1989 ਮਗਰੋਂ ਕੋਈ ਵੀ ਬੁਰਜੁਆ ਪਾਰਟੀ ਇੱਕਲੇ ਸਰਕਾਰ ਨਹੀਂ ਬਣਾ ਸਕੀ। ਪਰ ਸਵਾਲ ਇਹ ਹੈ ਕਿ ਇਸ ਪੂਰੇ ਦੌਰ ਵਿੱਚ ਝੂਠੇ ਖੱਬੇਪੱਖੀ ਆਗੂ- ਸਤਾਲਿਨ ਅਤੇ ਮਾਓ ਦੇ ਚੇਲਿਆਂ- ਨੇ ਲੋਕਾਂ ਨੂੰ ਇਕ ਤੋਂ ਮਗਰੋਂ ਦੂਜੇ ਬੁਰਜੁਆ ਸੱਜੇਪੱਖੀ ਮੋਰਚਿਆਂ ਮਗਰ ਬੰਨ੍ਹ ਕੇ, ਸਰਮਾਏਦਾਰੀ ਖਿਲਾਫ਼ ਵਿਦਰੋਅ ਨੂੰ ਰੋਕੀ ਰੱਖਿਆ ਹੈ। ਹੁਣ ਵੀ ਉਹ ਸਰਮਾਏਦਾਰੀ ਦੇ ਘੋਰ ਸੰਕਟ ਵਿੱਚ, 2019 ਵਿੱਚ ਕਿਰਤੀ ਲੋਕਾਂ ਨੂੰ, ਇਕ ਵਾਰੀ ਫਿਰ, ਕਾਂਗਰਸ ਦੀ ਅਗਵਾਈ ਵਾਲੇ ਬੁਰਜੁਆ ਸੱਜੇਪੱਖੀ ਮੋਰਚੇ ਦੇ ਜੂਏ ਹੇਠ ਰੱਖਣ ਵਿੱਚ ਜੁਟ ਗਏ ਹਨ।

ਆਮ ਚੋਣਾਂ ਲਈ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਾਡਾ ਮਤਾ ਹੈ, ਲੈਫ਼ਟ ਬਲਾਕ ਬਣਾਉਣ ਦਾ, ਖੱਬੇਪੱਖ ਦੀਆਂ ਸਾਰੀਆਂ ਤਾਕਤਾਂ ਨੂੰ ਇਕਜੁਟ ਕਰਕੇ ਸੱਜੇਪੱਖ ਦੀਆਂ ਸਾਰੀਆਂ ਪਾਰਟੀਆਂ ਅਤੇ ਮੋਰਚਿਆਂ ਨੂੰ ਖੁੰਜੇ ਲਗਾਉਣ ਦਾ। ਸਰਮਾਏਦਾਰੀ ਦੇ ਘੋਰ ਸੰਕਟ ਦੇ ਇਸ ਦੌਰ ਵਿੱਚ, ਸਾਰੇ ਸੱਜੇਪੱਖ ਨੂੰ ਇਕ ਪਾਸੇ ਕਰ ਕੇ, ਸੰਯੁਕਤ ਲੇਫ਼ਟ ਬਲਾਕ ਦੀ ਉਸਾਰੀ ਕਰਕੇ ਸਰਮਾਏਦਾਰੀ ਦੀ ਡੋਲਦੀ ਬੇੜੀ ਨੂੰ ਡੁਬੋ ਦੇਣਾ ਹੀ ਸਾਡੀ ਯੁੱਧਨੀਤੀ ਰਹੇਗੀ।

ਸਤਾਲਿਨਵਾਦੀ ਆਗੂ ਇਸ ਲਈ ਤਿਆਰ ਨਹੀਂ ਹਨ ਸਗੋਂ ਕਾਂਗਰਸ, ਰਾਜਦ, ਰਾਲੋਦ, ਸਪਾ, ਬਸਪਾ ਵਰਗੀਆਂ ਪਾਰਟੀਆਂ ਨਾਲ ਸੱਜੇਪੱਖੀ ਮੋਰਚੇ ਬਣਾਉਣ ਲਈ ਉਤਸੁਕ ਹਨ। ਇਸ ਲਈ ਅਸੀਂ ਕਮਿਉਨਿਸਟ ਨੌਜਵਾਨਾਂ ਅਤੇ ਆਗੂ ਮਜ਼ਦੂਰਾਂ ਨੂੰ ਅਪੀਲ ਕਰਾਂਗੇ ਕਿ ਉਹ ਇਸ ਮੋਰਚੇ ਨੂੰ ਹੇਠਾਂ ਤੋਂ ਬਣਾਉਣ। ਉਹ ਸੱਜੇਪੱਖੀ ਮੋਰਚਿਆਂ ਨੂੰ ਖਾਰਿਜ ਕਰਦੇ ਹੋਏ, ਆਪਣੇ ਆਗੂਆਂ ਨੂੰ ਅਲਟੀਮੇਟਮ ਦੇਣ। ਜੇਕਰ ਇਹ ਆਗੂ ਇਸਨੂੰ ਅਣਸੁਣਿਆ ਕਰਨ ਅਤੇ ਜਮਾਤੀ ਦੁਸ਼ਮਣਾਂ ਨਾਲ ਗਠਜੋੜ ਬਣਾਉਣ ਤਾਂ ਇਹਨਾਂ ਝੂਠੇ ਖੱਬੇਪੱਖੀ ਆਗੂਆਂ ਨੂੰ ਪਰੇ ਵਗ੍ਹਾ ਕੇ ਬਾਹਰ ਕਰਨ ਅਤੇ ਲੇਫ਼ਟ ਬਲਾਕ ਨੂੰ ਹਰ ਕੀਮਤ ‘ਤੇ ਅੰਜਾਮ ਦੇਣ।

ਸਵਾਲ- ਤੁਹਾਡੇ ਇਸ ਮਤੇ ਮੂਹਰੇ ਦੂਜੀਆਂ ਖੱਬੇਪੱਖੀ ਪਾਰਟੀਆਂ ਅਤੇ ਉਸਦੇ ਆਗੂ ਕਿੱਥੇ ਖੜੇ ਹਨ ਅਤੇ ਉਹਨਾਂ ਦਾ ਮਤ ਕੀ ਹੈ?

ਜਵਾਬ- ਸੀਪੀਆਈ, ਸੀਪੀਐਮ ਅਤੇ ਸੀਪੀਆਈ (ਮ.ਲ.) ਲਿਬਰੇਸ਼ਨ ਦੇ ਤਾਜ਼ਾ ਕੌਮੀ ਇਜਲਾਸਾਂ ਨੇ ਬਕਾਇਦਾ ਮਤਾ ਪਾਰਿਤ ਕਰਕੇ, ਬੁਰਜੁਆ ਸੱਜੇਪੱਖ ਦੀਆਂ ਦਰਜਨਾਂ ਪਾਰਟੀਆਂ- ਕਾਂਗਰਸ, ਰਾਜਦ, ਰਾਲੋਦ, ਸਪਾ ਅਤੇ ਬਸਪਾ – ਨਾਲ ਚੋਣ ਗਠਜੋੜ ਦੇ ਬੂਹੇ ਬਿਲਕੁਲ ਖੋਲਦੇ ਹੋਏ, ਫਿਰ ਤੋਂ ਲੇਫ਼ਟ ਯੂਨਿਟੀ ਨੂੰ ਬੁਰਜੁਆਜੀ ਦੇ ਹੱਥ ਗਹਿਣੇ ਰੱਖਣ ਦੀ ਤਿਆਰੀ ਕਰ ਲਈ ਹੈ।

ਕਮਿਉਨਿਸਟ ਕਾਡਰਾਂ ਨਾਲ WSP ਨੇ ਅਪੀਲ ਕੀਤੀ ਹੈ ਕਿ ਉਹ ਇਹਨਾਂ ਗੱਦਾਰ ਆਗੂਆਂ ਵੱਲ ਪਿੱਠ ਫੇਰਦੇ ਹੋਏ, ਇਹਨਾਂ ਦੇ ਕੌਮੀ ਇਜਲਾਸਾਂ ਦੇ ਬੋਗਸ ਮਤਿਆਂ ਨੂੰ ਖੁਲੇਆਮ ਅੱਗ ਲਗਾ ਦੇਣ ਅਤੇ ਬੁਰਜੁਆ ਸੱਜੇਪੱਖ ਵਿਰੁੱਧ, ਸੁੰਤਤਰ ਲੇਫ਼ਟ ਬਲਾਕ ਕਾਇਮ ਕਰਨ ਲਈ ਇਕਜੁੱਟ ਹੋਣ।

ਸਵਾਲ- ਖੱਬੇਪੱਖੀ ਮੋਰਚੇ ਤਾਂ ਪਹਿਲਾਂ ਵੀ ਮੌਜੂਦ ਰਹੇ ਹਨ, ਫਿਰ ਇਹ ਮੋਰਚਾ ਕਿਸ ਅਰਥ ਵਿੱਚ ਉਹਨਾਂ ਤੋਂ ਭਿੰਨ ਹੋਵੇਗਾ?

ਜਵਾਬ- ਜੋ ਖੱਬੇਪੱਖੀ ਮੋਰਚੇ ਹੁਣ ਤੱਕ ਗਠਿਤ ਹੋਏ ਹਨ, ਉਹ ਸਤਾਲਿਨਵਾਦੀ ਆਗੂਆਂ ਦੀ ਅਗਵਾਈ ਵਿੱਚ ਜਥੇਬੰਦ, ਸਤਾਲਿਨਵਾਦੀ ਪਾਰਟੀਆਂ ਦੇ ਮੋਰਚੇ ਸਨ ਜਿਹਨਾਂ ਦਾ ਉਦੇਸ਼ ਪ੍ਰੋਲੇਤਾਰੀ ਦੀ ਆਜਾਦਾਨਾ ਲਾਮਬੰਦੀ ਅਤੇ ਸੱਤਾ ਲਈ ਮਜ਼ਦੂਰ ਜਮਾਤ ਵੱਲ ਕੋਈ ਦਾਆਵਾ ਪੇਸ਼ ਕਰਨਾ ਨਹੀਂ ਸਗੋਂ ਬੁਰਜੁਆ ਸੱਜੇਪੱਖੀ ਮੋਰਚੇ ਅੰਦਰ, ਸਤਾਲਿਨਵਾਦੀ ਆਗੂਆਂ ਲਈ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਸੀਟਾਂ ਸੁਰੱਖਿਅਤ ਕਰਨ ਲਈ ਸੌਦੇਬਾਜ਼ੀ ਦੀਆਂ ਬਿਹਤਰ ਸ਼ਰਤਾਂ ਸ਼ੁਨਿਸ਼ਚਿਤ ਕਰਨਾ ਅਤੇ ਬਦਲੇ ਵਿੱਚ ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ ਨੂੰ ਇਹਨਾਂ ਸੱਜੇਪੱਖੀ ਮੋਰਚਿਆਂ ਮਗਰ ਬੰਨਣਾ ਸੀ।

ਸੱਜੇਪੱਖੀ ਪਾਰਟੀਆਂ, ਮੋਰਚਿਆਂ ਦੀ ਪੂੰਛ ‘ਤੇ ਬਹਿ ਕੇ ਲੇਫ਼ਟ ਬਲਾਕ ਨਹੀਂ ਬਣਾਏ ਜਾ ਸਕਦੇ। ਇਹ ਮੌਕਾਪ੍ਰਸਤੀ ਦੀ ਇੰਤਹਾ ਹੈ। ਇਹ ਝੂਠੇ ਖੱਬੇਪੱਖੀ ਆਗੂ, ਖੱਬੇਪੱਖੀ ਕੈਂਪ ਅੰਦਰ, ਬੁਰਜੁਆ ਸੱਜੇਪੱਖ ਦੇ ਮੇਨਸ਼ੇਵਿਕ ਟ੍ਰੋਜਨ ਹਾਰਸ ਬਣ ਕੇ ਵੜੇ ਹੋਏ ਹਨ, ਜਿਹਨਾਂ ਦਾ ਕੰਮ, ਕਮਿਉਨਿਸਟ ਨੌਜਵਾਨਾਂ ਅਤੇ ਮਜ਼ਦੂਰਾਂ ਨੂੰ ਬੁਰਜੁਆ ਸੱਜੇਪੱਖ ਮਗਰ ਬੰਨਣਾ, ਉਸ ਅਧੀਨ ਕਰਨਾ ਹੈ।

ਇਸਦੇ ਠੀਕ ਉਲਟ ਜਿਸ ਲੇਫ਼ਟ ਬਲਾਕ ਦਾ ਮਤਾ ਅਸੀਂ ਪੇਸ਼ ਕਰ ਰਹੇ ਹਾਂ, ਉਸਦਾ ਉਦੇਸ਼ ਹੀ ਇਹਨਾਂ ਸੱਜੇਪੱਖੀ ਪਾਰਟੀਆਂ, ਆਗੂਆਂ, ਮੋਰਚਿਆਂ ਤੋਂ ਅਜਾਦ ਅਤੇ ਉਹਨਾਂ ਵਿਰੁੱਧ, ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ ਦੀ ਵਿਆਪਕ ਲਾਮਬੰਦੀ ਹੈ।

WSP ਜਿਸ ਲੇਫ਼ਟ ਬਲਾਕ ਦੀ ਉਸਾਰੀ ਦਾ ਮਤਾ ਰੱਖ ਰਹੀ ਹੈ, ਉਹ ਸਰਮਾਏਦਾਰੀ-ਫ਼ਾਸੀਵਾਦ ਵਿਰੁੱਧ ਸੰਘਰਸ਼ ਵਿੱਚ, ਮਜ਼ਦੂਰ ਜਮਾਤ ਦੀ ਕੇਂਦਰੀਅਤਾ ਅਤੇ ਸਾਰੀਆਂ ਬੁਰਜੁਆ ਸੱਜੇਪੱਖੀ ਪਾਰਟੀਆਂ, ਮੋਰਚਿਆਂ, ਆਗੂਆਂ ਤੋਂ ਉਸਦੀ ਪੂਰੀ ਤਰ੍ਹਾਂ ਅਜਾਦੀ ‘ਤੇ ਅਧਾਰਿਤ ਹੈ ਅਤੇ ਇਸਦਾ ਸਿਆਸੀ ਮਕਸਦ, ਸਰਮਾਏਦਾਰੀ ਦਾ ਵਿਨਾਸ਼ ਅਤੇ ਪ੍ਰੋਲੇਤਾਰੀ ਇਨਕਲਾਬ ਹੈ।

ਇਸ ਦੇ ਉਲਟ, ਅਤੀਤ ਵਿੱਚ ਸਤਾਲਿਨਵਾਦੀਆਂ ਦੀ ਅਗਵਾਈ ਵਿੱਚ ਬਣੇ ਕਥਿਤ ਖੱਬੇਪੱਖੀ ਮੋਰਚੇ, ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ ਨੂੰ ਬੁਰਜੁਆ ਸੱਜੇਪੱਖੀ ਆਗੂਆਂ ਮਗਰ ਬੰਨਦੇ ਹੋਏ, ਉਹਨਾਂ ਦੀ ਅਗਵਾਈ ਵਾਲੇ ਸੱਜੇਪੱਖੀ ਗਠਜੋੜਾਂ ਦੇ ਅਧੀਨ ਕਰਦੇ ਰਹੇ। ਇਹਨਾਂ ਮੋਰਚਿਆਂ ਨੇ, ਮਜ਼ਦੂਰਾਂ, ਨੌਜਵਾਨਾਂ ਨੂੰ ਸਥਾਈ ਰੂਪ ਨਾਲ ਬੁਰਜੁਆ ਸੱਜੇਪੱਖ ਦੀਆਂ ਪਾਰਟੀਆਂ ਮਗਰ ਬੰਨ੍ਹ ਦਿੱਤਾ। ਜਦੋਂ ਭਾਜਪਾ ਸੱਤਾ ਵਿੱਚ ਨਹੀਂ ਤਾਂ ਉਸਨੂੰ ਰੋਕਣ ਦੇ ਬਹਾਨੇ ਅਤੇ ਜਦੋਂ ਉਹ ਸੱਤਾ ਵਿੱਚ ਹੈ ਤਾਂ ਉਸਨੂੰ ਹਟਾਉਣ ਦੇ ਬਹਾਨੇ, ਇਹਨਾਂ ਝੂਠੇ ਖੱਬੇਪੱਖੀ ਆਗੂਆਂ ਨੇ ਮਜ਼ਦੂਰਾਂ, ਨੌਜਵਾਨਾਂ ਨੂੰ ਸੱਜੇਪੱਖ ਦਾ ਗੁਲਾਮ ਬਣਾਈ ਰੱਖਿਆ। ਇਸ ਦੋਯਮ ਨੀਤੀ ਦਾ ਨਤੀਜਾ ਹੋਇਆ ਫ਼ਾਸੀਵਾਦ ਦਾ ਸੱਤਾ ਵਿੱਚ ਆਉਣਾ!

ਮਜ਼ਦੂਰ ਜਮਾਤ ਦੀ ਕੇਂਦਰੀਅਤਾ ਅਤੇ ਸੁੰਤਤਰਤਾ ਲਈ ਸੰਘਰਸ਼ ਦੀ ਜਗ੍ਹਾ ਇਹਨਾਂ ਨੇ ਇਸਨੂੰ ਨਸ਼ਟ ਕਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ।

ਸਵਾਲ- ਭਾਜਪਾ ਵਿਰੁੱਧ, ਵਿਰੋਧੀ ਧਿਰ ਦੀ ਇਕਜੁੱਟਤਾ ਦੇ ਮਤੇ ਮੂਹਰੇ, ਤੁਸੀਂ ਆਪਣੇ ‘ਲੇਫ਼ਟ ਬਲਾਕ’ ਦੇ ਮਤੇ ਨੂੰ ਕਿਵੇਂ ਦੇਖਦੇ ਹੋ?
ਜਵਾਬ- ਫਾਸੀਵਾਦੀਆਂ ਦੇ ਕੁਕਰਮਾਂ ਨਾਲ ਸਰਮਾਏਦਾਰੀ ਦੀ ਬੇੜੀ ਡੋਲ ਰਹੀ ਹੈ। ਸੰਯੁਕਤ ਵਿਰੋਧੀ ਧਿਰ ਦਾ ਨਾਅਰਾ, ਪ੍ਰੋਲੇਤਾਰੀ ਨੂੰ ਅਪਾਹਜ ਕਰਕੇ, ਇਸਨੂੰ ਸੰਤੁਲਿਤ ਕਰੇਗਾ। ਭਾਜਪਾ ਤੋਂ ਕਾਂਗਰਸ ਤੱਕ ਸਾਰੀਆਂ ਸੱਜੇਪੱਖੀ ਪਾਰਟੀਆਂ, ਜਮਾਤੀ ਦੁਸ਼ਮਣ, ਯਾਣਿ ਬੁਰਜੁਆਜੀ ਦੀ ਨੁਮਾਇੰਦਾ ਹਨ। ਉਹਨਾਂ ਵਿੱਚ ਇਕ ਦੀ ਜਗ੍ਹਾ ਦੂਜੀ ਨੂੰ ਸੱਤਾ ਵਿੱਚ ਲਿਆਉਣ ਲਈ, ਅਸੀਂ ਕਮਿਉਨਿਸਟ ਮੋਢਾ ਨਹੀਂ ਦੇ ਸਕਦੇ।

ਸਤਾਲਿਨਵਾਦੀਆਂ ਦੀ ਗਲੀਜ ਮੇਨਸ਼ਵਿਕ ਨੀਤੀ ਨੇ 70 ਸਾਲ ਤੋਂ ਪ੍ਰੋਲੇਤਾਰੀ ਨੂੰ ਕਾਂਗਰਸ, ਰਾਜਦ, ਸਪਾ, ਬਸਪਾ, ਵਰਗੀਆਂ ਦਰਜਨਾਂ ਇਨਕਲਾਬ-ਵਿਰੋਧੀ, ਬੁਰਜੁਆ ਸੱਜੇਪੱਖੀ ਪਾਰਟੀਆਂ ਮਗਰ ਬੰਨੀ ਰੱਖਿਆ ਹੈ ਅਤੇ ਫ਼ਾਸੀਵਾਦ ਲਈ ਵਿਰੋਧੀ ਧਿਰ ਦਾ ਮੈਦਾਨ ਬਿਲਕੁਲ ਖਾਲੀ ਛੱਡ ਕੇ ਉਸਨੂੰ ਸੱਤਾ ਵਿੱਚ ਪੁਹੰਚਾਉਣ ਵਿੱਚ ਮਦਦ ਦਿੱਤੀ ਹੈ।

ਸਵਾਲ- ਕੀ ਸੁੰਤਤਰ ਲੇਫ਼ਟ ਬਲਾਕ ਦਾ ਵਿਚਾਰ ਸੱਜੇਪੱਖ ਦੀ ਸਾਰੀਆਂ ਪਾਰਟੀਆਂ ਨੂੰ ਦੂਜੇ ਧਰੂਵ ‘ਤੇ ਇਕਜੁਟ ਉਸ ਵਿਰੁੱਧ ਇਕਜੁਟ ਨਹੀਂ ਕਰੇਗਾ?

ਜਵਾਬ- ਬਿਲਕੁਲ ਕਰੇਗਾ! ਅਸੀਂ ਇਹੀ ਚਾਹੁੰਦੇ ਹਾਂ ਕਿ ਸੱਜੇਪੱਖ ਦੀਆਂ ਸਾਰੀਆਂ ਪਾਰਟੀਆਂ ਇਕ ਪਾਸੇ ਇਕਜੁਟ ਹੋਣ, ਲੇਫ਼ਟ ਬਲਾਕ ਖਿਲਾਫ਼ ਇਕਜੁਟ ਹੋਣ, ਜਿਸ ਨਾਲ ਸਧਾਰਨ ਤੋਂ ਸਧਾਰਨ ਮਜ਼ਦੂਰ, ਕਿਰਤੀ ਲੋਕ ਉਹਨਾਂ ਦਾ ਜਮਾਤੀ ਕਿਰਦਾਰ ਆਸਾਨੀ ਨਾਲ ਪਹਿਚਾਣ ਸਕਣ। ਇਹ ਧਰੂਵੀਕਰਨ ਹੀ ਸਭ ਕੁਝ ਹੈ। ਇਹ ਇਨਕਲਾਬ ਦੀ ਰਾਹ ਹੈ। ਪੂੰਜੀਪਤ ਜਮਾਤ ਇਸ ਧਰੂਵੀਕਰਨ ਤੋਂ ਹੀ ਡਰਦਾ ਹੈ, ਉਹ ਝੂਠੇ ਖੱਬੇਪੱਖੀਆਂ ਦੀ ਮਦਦ ਨਾਲ, ਇਸ ਧਰੂਵੀਕਰਨ ਨੂੰ ਹੀ ਰੋਕਣਾ ਚਾਹੁੰਦੇ ਹਨ। ਇਹ ਧਰੂਵੀਕਰਨ ਉਸ ਲਈ ਸਿਆਸੀ ਸੰਕਟ ਹੈ ਅਤੇ ਪ੍ਰੋਲੇਤਾਰੀ ਲਈ ਇਨਕਲਾਬ ਵੱਲ ਖੁਲਣ ਵਾਲਾ ਰਾਹ।

ਸਵਾਲ- ਸੱਤਾ ‘ਤੇ ਕਾਬਜ਼ ਭਾਜਪਾ ਅਤੇ ਫ਼ਾਸੀਵਾਦ ਨੂੰ ਲੈ ਕੇ ਨੌਜਵਾਨ ਅਤੇ ਮਜ਼ਦੂਰ ਅੰਦੋਲਿਤ ਹਨ। ਉਸ ‘ਤੇ ਤੁਹਾਡੀ ਨੀਤੀ ਕੀ ਹੈ?

ਜਵਾਬ- ਫ਼ਾਸਿਸਟ, ਸਰਮਾਏਦਾਰੀ ਦੇ ਹਿੰਸਕ ਸੁਰੱਖਿਆ ਦਸਤੇ ਹਨ ਅਤੇ ਇਸ ਲਈ ਮਜ਼ਦੂਰ ਜਮਾਤ ਅਤੇ ਇਨਕਲਾਬ ਦੇ ਦੁਸ਼ਮਣ ਨੰਬਰ ਇੱਕ ਹਨ। ਫ਼ਾਸੀਵਾਦ ਵਿਰੁੱਧ ਯੁੱਧ, ਸਾਡੇ ਅਜੇਂਡੇ ‘ਤੇ ਸਭ ਤੋਂ ਉੱਪਰ ਹੈ। ਸੰਘੀ ਫਾਸਿਸਟਾਂ ਪ੍ਰਤੀ, ਮਜ਼ਦੂਰ ਜਮਾਤ ਦੀ ਨਫ਼ਰਤ, ਬਿਲਕੁਲ ਜ਼ਾਇਜ਼ ਹੈ ਅਤੇ ਸਾਡੇ ਪ੍ਰੋਗ੍ਰਾਮ ਦੀ ਪ੍ਰੇਰਕ ਸ਼ਕਤੀ ਹੈ।

ਪਰ ਝੂਠੇ ਖੱਬੇਪੱਖੀ ਆਗੂ, ਇਸ ਨਫ਼ਰਤ ਨੂੰ ਪੂੰਜੀਵਾਦ ‘ਤੇ ਹਮਲੇ ਦਾ ਹਥਿਆਰ ਬਣਾਉਣ ਦੀ ਬਜਾਏ, ਆਪਣੇ ਸੰਕੀਰਨ, ਮੌਜੂਦ ਸਵਾਰਥਾਂ ਲਈ ਭੁਨਾਉਂਦੇ ਹੋਏ, ਮਜ਼ਦੂਰਾਂ, ਨੌਜਵਾਨਾਂ ਨੂੰ ਬੁਰਜੁਆਜੀ ਦੀ ਅਗਵਾਈ ਵਾਲੇ ਵਿਰੋਧੀ ਧਿਰ ਮਗਰ ਬੰਨ੍ਹਦੇ ਹਨ। ਸਤਾਲਿਨਵਾਦੀਆਂ ਦਾ ਇਕਾਂਗੀ ਅਤੇ ਅਪਾਹਿਜ ਨਾਅਰਾ- ‘ਭਾਜਪਾ ਹਟਾਉ’, ਆਪਣੇ ਆਪ ਵਿੱਚ ਰਾਹੁਲ- ਲਾਲੂ ਲਿਆਉ ਦਾ ਨਕਲੀ ਹੋਕਾ ਹੈ।

ਅਸੀਂ ਇਸ ਘਿਨੌਣੀ ਮੇਨਸ਼ੇਵਿਕ ਨੀਤੀ ਦੇ ਵਿਰੋਧੀ ਹਾਂ। ਫ਼ਾਸੀਵਾਦ ਦੇ ਸਵਾਲ ‘ਤੇ ਸਾਡੀ ਨੀਤੀ ਲੈਨਿਨ-ਤਰਾਤਸਕੀ ਦੀ ਅਗਵਾਈ ਵਾਲੇ ਕੋਮਿਨਟਰਨ ਦੀ ਨੀਤੀ ਤੋਂ ਨਿਰਦੇਸ਼ਿਤ ਹੈ, ਜਿਸਦੇ ਮੁੱਖ ਬਿੰਦੂ, ਇਹ ਹਨ-

1. ਫ਼ਾਸੀਵਾਦ, ਮਜ਼ਦੂਰ ਜਮਾਤ ਦਾ ਦੁਸ਼ਮਣ ਨੰਬਰ ਇਕ ਹੈ ਪਰ ਇਹ ਇਕੋ-ਇਕ ਦੁਸ਼ਮਣ ਨਹੀਂ ਹੈ।

2. ਫ਼ਾਸੀਵਾਦ ਵਿਰੁੱਧ ਸਾਡਾ ਸੰਘਰਸ਼, ਸਰਮਾਏਦਾਰੀ ਵਿਰੁੱਧ ਸਾਡੇ ਕੁੱਲ ਸੰਘਰਸ਼ ਦਾ ਮਹਿਜ਼ ਇੱਕ ਹਿੱਸਾ ਹੈ ਅਤੇ ਉਸ ਅਧੀਨ ਹੈ।

3. ਫ਼ਾਸੀਵਾਦ ਅਤੇ ਉਦਾਰਵਾਦ, ਸੱਜੇਪੱਖੀ ਬੁਰਜੁਆਜੀ ਦੇ ਹੀ ਦੋ ਕੈਂਪ ਹਨ ਅਤੇ ਇਹ ਮਜ਼ਦੂਰ ਜਮਾਤ ਮੁਕਾਬਲੇ, ਇਕ ਦੂਜੇ ਦੇ ਬਹੁਤ ਕਰੀਬ ਹਨ। ਜੇਕਰ ਬੁਰਜੁਆ ਉਦਾਰਵਾਦੀਆਂ, ਸੁਧਾਰਵਾਦੀਆਂ ਨੂੰ ਪ੍ਰੋਲੇਤਾਰੀ ਇਨਕਲਾਬ ਅਤੇ ਫਾਸੀਵਾਦੀ ਉਲਟ-ਇਨਕਲਾਬ ਵਿਚੋਂ ਇੱਕ ਦੀ ਚੋਣ ਕਰਨੀ ਹੋਵੇ, ਤਾਂ ਉਹ ਅੱਖ ਬੰਦ ਕਰਕੇ, ਫ਼ਾਸੀਵਾਦੀ ਉਲਟ-ਇਨਕਲਾਬ ਦਾ ਹੀ ਚੋਣ ਕਰਨਗੇ।

4. ਸਾਡੇ ਯੁੱਗ ਵਿੱਚ, ਪਰਿਪੱਕ ਸਾਮਰਾਜਵਾਦ ਦੇ ਯੁੱਗ ਵਿੱਚ, ਬੁਰਜੁਆਜੀ ਦੇ ਇਹ ਦੋਨੋਂ ਕੈਂਪ, ਨਾ ਸਿਰਫ਼ ਇੱਕ ਦੂਜੇ ਦੇ ਬਹੁਤ ਕਰੀਬ ਆ ਚੁੱਕੇ ਹਨ, ਸਗੋਂ ਇਹਨਾਂ ਦੇ ਰੰਗ ਆਪਸ ਵਿੱਚ ਘੁਲਮਿਲ ਚੁੱਕੇ ਹਨ।

5. ਬੁਰਜੁਆ ਸੱਜੇਪੱਖੀ ਵਿਰੋਧੀਧਿਰ-ਉਦਾਰਵਾਦੀਆਂ ਜਾਂ ਸੁਧਾਰਵਾਦੀਆਂ ਨਾਲ ਮਿਲ ਕੇ, ਫ਼ਾਸੀਵਾਦ ਵਿਰੁੱਧ ਕੋਈ ਸੰਘਰਸ਼ ਸੰਭਵ ਨਹੀਂ ਹੈ।

6. ਫ਼ਾਸੀਵਾਦ, ਪੂੰਜੀਵਾਦ ਦਾ ਹੀ ਹਥਿਆਰਬੰਦ ਸੁਰੱਖਿਆ ਦਸਤਾ ਹੈ ਅਤੇ ਉਸਦੀ ਹੋਂਦ ਪੂੰਜੀਵਾਦ ਦੀ ਗਰਭਨਾਲ ਨਾਲ ਬੰਨ੍ਹੀ ਹੈ। ਜਦੋਂ ਤੱਕ ਪੂੰਜੀਵਾਦ ਜੀਵਿਤ ਹੈ, ਉਹ ਵਾਰੀ-ਵਾਰੀ ਫ਼ਾਸੀਵਾਦ ਨੂੰ ਮੂਹਰੇ ਲਿਆਉਂਦਾ ਰਹੇਗਾ ਅਤੇ ਫ਼ਾਸੀਵਾਦ ਜੇਤੂ ਰਹੇਗਾ।

7. ਸਤਾਲਿਨਵਾਦੀ, ਝੂਠੇ ਖੱਬੇਪੱਖੀ ਆਗੂ, ਮਜ਼ਦੂਰ ਜਮਾਤ ਅਤੇ ਨੌਜਵਾਨਾਂ ਨੂੰ, ਬੁਰਜੁਆ ਸੱਜੇਪੱਖੀ ਮੋਰਚਿਆਂ ਮਗਰ ਬੰਨਣ ਦੀ ਜੁਗਤ ਭਿੜਾਉਂਦੇ ਹਨ। ਇਹੀ ਉਹਨਾਂ ਦੀ ਕੁੱਲ ਭੂਮਿਕਾ ਹੈ ਜਿਸ ਲਈ ਸ਼ਾਸਕ ਬੁਰਜੁਆ ਉਹਨਾਂ ਦਾ ਸ਼ੁਕਰਗੁਜ਼ਾਰ ਹੈ ਅਤੇ ਉਹਨਾਂ ਨੂੰ ਸੰਸਦ ਵਿੱਚ ਸੀਟਾਂ, ਗੱਡੀਆਂ ਅਤੇ ਸੱਤਾ ਵਿੱਚ ਹਿੱਸੇਦਾਰੀ ਦਿੰਦਾ ਹੈ।

8. ਬੁਰਜੁਆ ਸੱਜੇਪੱਖ ਦੀਆਂ ਪਾਰਟੀਆਂ ਵਿੱਚ ‘ਸੇਕੂਲਰ ਡੇਮੋਕ੍ਰੇਸੀ’ ਦੀ ਤਲਾਸ਼, ਮਜ਼ਦੂਰ ਜਮਾਤ ਅਤੇ ਉਸਦੇ ਮਕਸਦ ਨਾਲ ਇਤਿਹਾਸਕ ਗੱਦਾਰੀ ਹੈ। ਇਹ ਮੇਨਸ਼ੇਵਿਕ- ਸਤਾਲਿਨਵਾਦੀ ਨੀਤੀ ਹੈ, ਜਿਸਦਾ ਮਾਰਕਸਵਾਦ ਨਾਲ ਪੁਰਾਣਾ ਵਿਰੋਧ ਹੈ।

9. ਫ਼ਾਸੀਵਾਦ ਵਿਰੁੱਧ ਸੰਘਰਸ਼ ਨੂੰ ਸਰਮਾਏਦਾਰੀ ਵਿਰੁੱਧ ਸੰਘਰਸ਼ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਇਸ ਸੰਘਰਸ਼ ਵਿੱਚ ਮਜ਼ਦੂਰਾਂ, ਕਿਰਤੀਆਂ ਦੀ ਆਜਾਦਨਾ ਗੋਲਬੰਦੀ ‘ਤੇ ਅਧਾਰਿਤ, ਲੇਫ਼ਟ ਬਲਾਕ ਦੀ ਜਥੇਬੰਦੀ ਹੀ ਇਕੋ-ਇਕ ਰਾਹ ਹੈ, ਜਿਸਦਾ ਟੀਚਾ ਸਮੁੱਚੀ ਸੱਜੇਪੱਖੀ ਬੁਰਜੁਆਜੀ ਨੂੰ ਖੁੰਜੇ ਲਗਾਉਣਾ ਹੈ।

10. ਮਜ਼ਦੂਰ ਜਮਾਤ ਦਾ ਮਕਸਦ, ਫਾਸੀਵਾਦੀ ਅਤੇ ਗੈਰ-ਫਾਸੀਵਾਦੀ ਬੁਰਜੁਆ ਸੱਜੇਪੱਖੀ ਪਾਰਟੀਆਂ ਦਰਮਿਆਨ ਸੱਤਾ ਦੀ ਅਦਲਾ-ਬਦਲੀ ਵਿੱਚ ਸਹਿਯੋਗੀ ਭੂਮਿਕਾ ਨਿਭਾਉਣ ਅਤੇ ਉਸ ‘ਤੇ ਕੱਛਾਂ ਵਜਾਉਣਾ ਨਹੀਂ ਹੈ, ਸਗੋਂ ਖੁਦ ਸੱਤਾ ਲਈ ਦਾਅਵੇਦਾਰੀ ਕਰਨਾ ਹੈ।

ਸਵਾਲ- ਕੀ ਸੁੰਤਤਰ ਲੇਫ਼ਟ ਬਲਾਕ ਦੀ ਨੀਤੀ ਅਤੇ ਵਿਰੋਧੀ ਧਿਰ ਦੇ ਲੇਫ਼ਟ-ਰਾਈਟ ਵਿੱਚ ਵੰਡ ਨਾਲ, ਸੱਤਾ ‘ਤੇ ਕਾਬਿਜ਼ ਭਾਜਪਾ ਨੂੰ ਫਾਇਦਾ ਨਹੀਂ ਹੋਵੇਗਾ?

ਜਵਾਬ- ਅਜਿਹਾ ਉਹੀ ਕਹਿ ਸਕਦਾ ਹੈ ਜਿਸਨੇ ਇਸ ਸਵਾਲ ਨੂੰ ਸੰਜ਼ੀਦਗੀ ਨਾਲ ਵਿਚਾਰ ਨਹੀਂ ਕੀਤਾ ਹੈ। ਲੇਫ਼ਟ ਬਲਾਕ ਦੀ ਸੁੰਤਤਰ ਜਥੇਬੰਦੀ ਦਾ ਵਿਚਾਰ, ਕਿਸੇ ਵੀ ਅਰਥ ਵਿੱਚ ਭਾਜਪਾ ਵਿਰੁੱਧ ਵਿਰੋਧੀ ਧਿਰ ਦੀ ਏਕਤਾ ਨੂੰ ਖੰਡਿਤ ਨਹੀਂ ਕਰਦਾ ਸਗੋਂ ਉਲਟਾ ਉਸਨੂੰ ਇਕ ਮਜ਼ਬੂਤ ਧੁਰੀ ਦਿੰਦਾ ਹੈ। ਜੇਕਰ ਕਾਂਗਰਸ, ਰਾਜਦ, ਸਪਾ, ਬਸਪਾ ਦੇ ਆਗੂ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਵਾਕਈ ਸੰਜ਼ੀਦਾ ਅਤੇ ਸਮਰਪਿਤ ਹਨ, ਤਾਂ ਉਹਨਾਂ ਨੂੰ ਭਾਜਪਾ ਵਿਰੁੱਧ ਲੇਫ਼ਟ ਬਲਾਕ ਦੀ ਹਿਮਾਇਤ ਕਰਨੀ ਚਾਹੀਦੀ ਹੈ ਅਤੇ ਉਸਨੂੰ ਸੱਤਾ ਲੈਣ ਵਿੱਚ ਮਦਦ ਕਰਨੀ ਚਾਹੀਦੀ ਹੈ। ਕੀ ਉਹ ਅਜਿਹਾ ਕਰਨਗੇ? ਸੱਪਸ਼ਟ ਹੈ ਕਿ ਉਹ ਅਜਿਹਾ ਨਹੀਂ ਕਰਨਗੇ। ਉਹ ਕਿਸੇ ਵੀ ਸਥਿਤੀ ਵਿੱਚ ਲੇਫ਼ਟ ਬਲਾਕ ਦੀ ਹਿਮਾਇਤ ਨਹੀਂ ਕਰਨਗੇ। ਉਹ ਖੁਦ ਸੱਤਾ ਹਥਿਆਉਣ ਲਈ ਖੱਬੇਪੱਖੀ ਤਾਕਤਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ। ਜੇਕਰ ਇਹਨਾਂ ਗੱਦਾਰਾਂ ਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਤੇ ਫ਼ਾਸੀਵਾਦ ਦਰਮਿਆਨ ਇੱਕ ਨੂੰ ਚੁਣਨ ਦਾ ਵਿਕਲਪ ਮਿਲੇ ਤਾਂ ਨਿਸ਼ਚਿਤ ਰੂਪ ਨਾਲ਼ ਉਹ ਅੱਖਾਂ ਬੰਦ ਕਰਕੇ, ਫਾਸੀਵਾਦੀ ਤਾਨਾਸ਼ਾਹੀ ਨੂੰ ਗਲ ਨਾਲ ਲਾਉਣਗੇ। ਕੀ ਬੁਰਜੁਆ ਸੱਜੇਪੱਖ ਦੇ ਇਹ ਆਗੂ ਫ਼ਾਸੀਵਾਦ ਵਿਰੁੱਧ ਸੜਕ ‘ਤੇ ਸੰਘਰਸ਼ ਵਿੱਚ, ਸਾਡੇ ਨਾਲ ਮਿਲ ਕੇ ਫੌਜੀ ਮੋਰਚਾ ਬਣਾਉਣਗੇ? ਕਦੇ ਨਹੀਂ ਬਣਾਉਣਗੇ! ਫਾਸੀਵਾਦੀਆਂ ਵਾਂਗ ਹੀ ਬੁਰਜੁਆ ਸੱਜੇਪੱਖ ਦੇ ਇਹ ਵਿਰੋਧੀ ਧਿਰ ਦੇ ਆਗੂ ਵੀ ਸਰਮਾਏਦਾਰਾਂ ਦੀ ਤਾਨਾਸ਼ਾਹੀ ਦੇ ਸਮਰਥਕ ਹਨ, ਉਸਨੂੰ ਜਮਹੂਰੀਅਤ ਦੱਸਦੇ ਹਨ ਅਤੇ ਉਸਨੂੰ ਕਾਇਮ ਰੱਖਣਾ ਚਾਹੁੰਦੇ ਹਨ। ਫਾਸੀਵਾਦੀਆਂ ਨਾਲ ਉਹਨਾਂ ਦਾ ਮਤਭੇਦ ਸਿਰਫ਼ ਇਸ ਗੱਲ ਨੂੰ ਲੈ ਕੇ ਹੈ ਕਿ ਇਸ ਤਾਨਾਸ਼ਾਹੀ ਨੂੰ ਖੁੱਲੇ ਜ਼ਬਰ ਦੀ ਨੀਤੀ ਜ਼ਰੀਏ ਅੰਜ਼ਾਮ ਨਾ ਦੇ ਕੇ, ਉਸਨੂੰ ਡੇਮੋਕ੍ਰੇਸੀ ਦੇ ਪਰਦੇ ਪਿੱਛੇ ਨਕਲੀ ਰੂਪ ਵਿੱਚ ਜਾਰੀ ਰੱਖਿਆ ਜਾਵੇ। ਉਹਨਾਂ ਨੂੰ ਲੇਫ਼ਟ ਬਲਾਕ ਨਹੀਂ ਚਾਹੀਦਾ ਸਗੋਂ ਆਪਣੀ ਲੀਡਰਸ਼ੀਪ ਵਾਲੇ ਸੱਜੇਪੱਖੀ ਮੋਰਚਿਆਂ ਦੀ ਪੂੰਛ ‘ਤੇ ਬੈਠੇ ਹੋਏ ਝੂਠੇ ਅਤੇ ਦਲਾਲ ਖੱਬੇਪੱਖੀ ਆਗੂ ਚਾਹੀਦੇ ਹਨ ਜੋ ਪ੍ਰੋਲੇਤਾਰੀ ਅਤੇ ਨੌਜਵਾਨਾਂ ਨੂੰ ਉਹਨਾਂ ਦੀ ਅਗਵਾਈ ਵਾਲੇ ਚੋਣ ਗਠਜੋੜਾਂ ਮਗਰ ਬੰਨ ਕੇ ਉਹਨਾਂ ਨੂੰ ਸੱਤਾ ਲੈਣ ਵਿੱਚ ਮਦਦ ਕਰਨ। ਸਤਾਲਿਨਵਾਦੀ ਖੱਬੇਪੱਖ ਦੇ ਆਗੂ ਹੁਣ ਤੱਕ ਇਹੀ ਕਰਦੇ ਆਏ ਹਨ।

ਸਤਾਲਿਨਵਾਦੀਆਂ ਦੀ ਇਸ ਨੀਤੀ ਦਾ ਨਤੀਜਾ ਕੀ ਹੋਇਆ? ਕੀ ਇਸ ਨਾਲ ਭਾਜਪਾ ਨੂੰ ਸੱਤਾ ਲੈਣ ਤੋਂ ਰੋਕਿਆ ਜਾ ਸਕਿਆ? ਨਹੀਂ! ਇਸ ਨੀਤੀ ਦੇ ਚਲਦਿਆਂ ਹੀ ਭਾਜਪਾ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ। ਇਸ ਲਈ, ਭਾਜਪਾ ਨਾਲ ਲੜਨ ਦਾ ਮਤਲਬ, ਕਾਂਗਰਸ, ਰਾਜਦ, ਸਪਾ, ਬਸਪਾ ਵਰਗੀਆਂ ਬੁਰਜੁਆ ਸੱਜੇਪੱਖੀ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ ਦੇ ਬੂਟ ਸਾਫ਼ ਕਰਨਾ ਨਹੀਂ ਹੋ ਸਕਦਾ, ਭਾਜਪਾ ਨਾਲ ਲੜਨ ਦਾ ਅਰਥ ਹੈ- ਫ਼ਾਸੀਵਾਦ, ਸਰਮਾਏਦਾਰੀ ਵਿਰੁੱਧ, ਬੁਰਜੁਆ ਸੱਜੇਪੱਖ ਵਿਰੁੱਧ, ਸੁੰਤਤਰ ਲੇਫ਼ਟ ਬਲਾਕ ਦੀ ਉਸਾਰੀ! ਵਿਰੋਧੀ ਧਿਰ ਦੀ ਏਕਤਾ ਦਾ ਅਰਥ ਹੈ- ਫ਼ਾਸੀਵਾਦ-ਸਰਮਾਏਦਾਰੀ ਵਿਰੁੱਧ ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ ਦੀ ਏਕਤਾ।

ਪਰ ਬੁਰਜੁਆ ਉਦਾਰਵਾਦ ਦੇ ਆਗੂ ਅਜਿਹੀ ਕਿਸੇ ਵਿਰੋਧੀ ਧਿਰ ਦੀ ਏਕਤਾ ਵਿਰੁੱਧ ਹਨ ਜਿਸਦੀ ਧੁਰੀ ਲੇਫ਼ਟ ਯੂਨਿਟੀ ਹੋਵੇ। ਸਤਾਲਿਨਵਾਦੀ ਆਗੂ ਵੀ ਅਜਿਹੇ ਸੁੰਤਤਰ ਲੇਫ਼ਟ ਬਲਾਕ ਦੀ ਉਸਾਰੀ ਵਿਰੁੱਧ ਹਨ ਜੋ ਬੁਰਜੁਆ ਸੱਜੇਪੱਖ ਤੋਂ ਸੁੰਤਤਰ ਹੋਵੇ ਅਤੇ ਉਸਨੂੰ ਚੁਣੌਤੀ ਦਿੰਦਾ ਹੋਵੇ। ਇਹ ਝੂਠੇ ਖੱਬੇਪੱਖੀ, ਕਾਂਗਰਸ, ਰਾਜਦ, ਸਪਾ, ਬਸਪਾ ਵਰਗੀਆਂ ਬੁਰਜੁਆ ਸੱਜੇਪੱਖੀ ਪਾਰਟੀਆਂ ਨੂੰ, ਸੇਕੂਲਰ-ਡੇਮੋਕ੍ਰੇਸੀ ਦੀ ਪਾਰਟੀ ਦੱਸਦੇ ਹੋਏ ਉਹਨਾਂ ਦੀ ਅਗਵਾਈ ਵਾਲੇ ਸੱਜੇਪੱਖੀ ਮੋਰਚਿਆਂ ਵਿੱਚ ਸਾਮਿਲ ਹੋਣ ਅਤੇ ਇਹਨਾਂ ਮੋਰਚਿਆਂ ਵਿੱਚ ਆਪਣੇ ਸਮਰਥਕਾਂ ਨੂੰ ਬੁਰਜੁਆ ਸੱਜੇਪੱਖੀ ਆਗੂਆਂ, ਪਾਰਟੀਆਂ ਅਧੀਨ ਕਰਨ ਦੀ ਜੁਗਤ ਭਿੜਾ ਰਹੇ ਹਨ!

ਦੋਨੋਂ ਮਿਲ ਕੇ ਕਿਰਤੀ ਲੋਕਾਂ ਨੂੰ ਫ਼ਾਸੀਵਾਦ ਦਾ ਹਉਆ ਦਿਖਾ ਕੇ ਡਰਾਉਂਦੇ ਹੋਏ, ਉਸਨੂੰ ਸੱਜੇਪੱਖੀ ਮੋਰਚਿਆਂ ਦੇ ਜੂਏ ਹੈਠ ਧੱਕ ਰਹੇ ਹਨ। ਬੁਰਜੁਆ ਉਦਾਰਵਾਦੀ ਕਹਿੰਦਾ ਹੈ- ‘ਚੁੱਪ-ਚੁਪੀਤੇ ਸੱਤਾ ਮੈਨੂੰ ਦੇ ਦਿਉ, ਨਹੀਂ ਤਾਂ ਫਾਸੀਵਾਦੀ ਸੱਤਾ ਲੈ ਲੈਣਗੇ’।

ਸਤਾਲਿਨਵਾਦੀ, ਉਸਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ, ਮਜ਼ਦੂਰਾਂ, ਨੌਜਵਾਨਾਂ ਨੂੰ ਭਰਮਾਉਂਦਾ ਹੈ- ‘ਬੁਰਜੁਆ ਲਿਬਰਲ, ਸੇਕੂਲਰ-ਡੇਮੋਕ੍ਰੇਟ ਹੈ, ਉਸਨੂੰ ਸੱਤਾ ਲੈ ਲੈਣ ਦਿਉ, ਨਹੀਂ ਤਾਂ ਬਘਿਆੜ ਆ ਜਾਵੇਗਾ’।

ਅਸੀਂ ਮਜ਼ਦੂਰਾਂ, ਨੌਜਵਾਨਾਂ ਨੂੰ ਕਹਿੰਦੇ ਹਾਂ- ‘ਲੇਫ਼ਟ ਬਲਾਕ ਬਣਾਉ, ਸੱਤਾ ‘ਤੇ ਆਪਣਾ ਸੁੰਤਤਰ ਦਾਅਵਾ ਠੋਕੋ ਅਤੇ ਬੁਰਜੁਆ ਸੱਜੇਪੱਖ ਦੇ ਇਹਨਾਂ ਤਿੰਨਾਂ ਹਮਸਫ਼ਰਾਂ-ਫਾਸੀਵਾਦੀਆਂ, ਉਦਾਰਵਾਦੀਆਂ ਅਤੇ ਸਤਾਲਿਨਵਾਦੀ- ਨੂੰ ਘੜੀਸ ਕੇ ਕੂੜੇਦਾਨ ਵਿੱਚ ਸੁੱਟ ਦਿਉ’!

ਅਸੀਂ ਕਾਂਗਰਸ ਨੂੰ ਸੱਤਾ ਵਿੱਚ ਵਾਪਸ ਲਿਆ ਕੇ, ਪੂੰਜੀਵਾਦ ਦਾ ਸਿਆਸੀ ਸੰਕਟ ਹੱਲ ਨਹੀਂ ਕਰਨਾ ਹੈ ਸਗੋਂ ਇਸ ਸੰਕਟ ਦੀ ਮਝਧਾਰ ਵਿੱਚ ਸਰਮਾਏਦਾਰੀ ਦੀ ਡੋਲਦੀ ਬੇੜੀ ਨੂੰ ਡੁਬੋ ਕੇ, ਸਮਾਜਵਾਦੀ ਇਨਕਲਾਬ ਵੱਲ ਵੱਧਣਾ ਹੈ।

ਸਵਾਲ- ਸੁੰਤਤਰ ਲੇਫ਼ਟ ਬਲਾਕ ਦੀ ਨੀਤੀ ਨੂੰ ਲਾਗੂ ਕਰਨ ‘ਤੇ, 2019 ਦੀਆਂ ਚੋਣਾਂ ਵਿੱਚ ਕੀ ਸੰਭਾਵਨਾਵਾਂ ਬਣ ਸਕਦੀਆਂ ਹਨ?

ਜਵਾਬ- ਵੱਡੀਆਂ ਅਤੇ ਬਹੁਤ ਵਿਆਪਕ ਸੰਭਾਵਨਾਵਾਂ ਹਨ। ਆਓ ਪਹਿਲਾਂ ਵੇਖੋ ਕਿ ਜੇਕਰ ਸੁੰਤਤਰ ਲੇਫ਼ਟ ਬਲਾਕ ਦੀ ਇਹ ਨੀਤੀ ਲਾਗੂ ਨਹੀਂ ਕੀਤੀ ਜਾਂਦੀ ਤਾਂ ਕੀ ਮੰਜ਼ਰ ਬਣੇਗਾ। ਇਸ ਸਥਿਤੀ ਵਿੱਚ, ਸਤਾਲਿਨਵਾਦੀ ਪਾਰਟੀਆਂ, ਪ੍ਰੋਲੇਤਾਰੀ ਅਤੇ ਨੌਜਵਾਨਾਂ ਨੂੰ ਬੁਰਜੁਆ ਸੱਜੇਪੱਖ ਦੇ ਕਾਂਗਰਸ ਦੀ ਅਗਵਾਈ ਵਾਲੇ ਮੋਰਚੇ ਨਾਲ ਬੰਨ੍ਹਣਗੀਆਂ। ਇਸਦਾ ਵੱਡਾ ਲਾਭ ਸੱਤਾ ‘ਤੇ ਕਾਬਜ਼ ਭਾਜਪਾ ਨੂੰ ਹੋਵੇਗਾ। ਕਾਂਗਰਸ ਹਕੂਮਤ ਦੇ ਕੁਕਰਮਾਂ ਨੂੰ ਗਿਣਾਉਂਦੇ ਹੋਏ, ਉਹ ਖੁਦ ਆਪਣੇ ਕੁਕਰਮਾਂ ਨੂੰ ਉਹਨਾਂ ਮੂਹਰੇ ਹਲਕਾ ਕਰਕੇ ਦਿਖਾਉਣ ਵਿੱਚ ਸਫਲ ਹੋਣਗੇ ਅਤੇ ਪੂਰਾ ਸੰਘਰਸ਼ ਬੁਰਜੁਆ ਸੱਜੇਪੱਖ ਦੀਆਂ ਇਹਨਾਂ ਪਾਰਟੀਆਂ ਦੀ ਵਾਹੀਯਾਤ ਬਹਿਸ ਦਰਮਿਆਨ ਸਿਮਟ ਕੇ ਰਹਿ ਜਾਏਗਾ, ਜਿਸ ਵਿੱਚ ਲੇਫ਼ਟ ਦੀ ਭੂਮਿਕਾ ਸਿਰਫ਼ ਕੱਛਾਂ ਵਜਾਉਣ ਵਾਲਿਆਂ ਦੀ ਹੋਵੇਗੀ ਅਤੇ ਪ੍ਰੋਲੇਤਾਰੀਏ ਨੂੰ, ਕਮਿਉਨਿਸਟ ਨੌਜਵਾਨਾਂ ਨੂੰ, ਆਪਣੇ ਲਈ ਕੋਈ ਜਗ੍ਹਾ ਦਿਖਾਈ ਨਹੀਂ ਦੇਵੇਗੀ। ਜੇਕਰ ਵੋਟਾਂ ਦੀ ਵੰਡ, ਬੁਰਜੁਆ ਸੱਜੇਪੱਖ ਦੀਆਂ ਪਾਰਟੀਆਂ ਦਰਮਿਆਨ ਸਿਮਟ ਜਾਂਦੀ ਹੈ ਤਾਂ ਬੁਰਜੁਆ ਸੱਜੇਪੱਖ ਨੂੰ, ਖਾਸ ਰੂਪ ਨਾਲ ਸੱਤਾ ‘ਤੇ ਕਾਬਜ਼ ਭਾਜਪਾ ਨੂੰ ਹੀ ਇਸਦਾ ਸਭ ਤੋਂ ਵੱਡਾ ਲਾਭ ਮਿਲੇਗਾ।

ਇਸਦੇ ਉਲਟ, ਜੇਕਰ ਸੁੰਤਤਰ ਲੇਫ਼ਟ ਬਲਾਕ ਦੀ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਵੋਟਾਂ ਦਾ ਧਰੂਵੀਕਰਨ ਲੇਫ਼ਟ ਅਤੇ ਰਾਈਟ ਦਰਮਿਆਨ ਹੋ ਜਾਵੇਗਾ। ਇਸਦੇ ਚਲਦੇ ਇਕ ਪਾਸੇ ਤਾਂ ਲੇਫ਼ਟ ਵੋਟ ਇੱਕਠਾ ਹੋ ਜਾਵੇਗਾ ਅਤੇ ਦੂਜੇ ਪਾਸੇ ਰਾਈਟ ਵੋਟ ਦਰਜਨਾਂ ਬੁਰਜੁਆ ਸੱਜੇਪੱਖੀ ਪਾਰਟੀਆਂ ਦਰਮਿਆਨ ਖਿੰਡ ਜਾਵੇਗਾ। ਇਸ ਧਰੂਵੀਕਰਨ ਨਾਲ, ਨਾ ਸਿਰਫ ਭਾਜਪਾ ਦੇ ਚਿੱਥੜੇ ਉੱਡ ਜਾਣਗੇ ਸਗੋਂ ਇਸ ਨਾਲ ਵੱਖ ਖੜੀਆਂ ਸੱਜੇਪੱਖ ਦੀਆਂ ਦੂਜੀਆਂ ਪਾਰਟੀਆਂ ਦਾ ਵੀ ਪਰਦਾਫਾਸ਼ ਹੋ ਜਾਵੇਗਾ ਅਤੇ ਉਹ ਹਾਸ਼ੀਏ ‘ਤੇ ਜਾ ਲੱਗਣਗੀਆਂ।

ਸਵਾਲ- ਕੀ ਤੁਹਾਨੂੰ ਲੱਗਦਾ ਹੈ ਕਿ ਸਤਾਲਿਨਵਾਦੀ ਆਗੂ ਇਸ ਲੇਫ਼ਟ ਬਲਾਕ ਲਈ ਤਿਆਰ ਹੋਣਗੇ?

ਜਵਾਬ- ਅਸੀਂ ਬਿਲਕੁਲ ਇਸ ਭਰਮ ਵਿੱਚ ਨਹੀਂ ਹਾਂ ਕਿ ਇਹ ਆਗੂ ਕਿਸੇ ਵੀ ਕੀਮਤ ‘ਤੇ ਇਕ ਸੁੰਤਤਰ ਲੇਫ਼ਟ ਬਲਾਕ ਲਈ ਤਿਆਰ ਹੋਣਗੇ। ਇਹਨਾਂ ਦੀ ਕੁੱਲ ਭੂਮਿਕਾ ਹੀ ਸੱਜੇਪੱਖ ਦੀਆਂ ਪਾਰਟੀਆਂ ਅਤੇ ਮੋਰਚਿਆਂ ਮਗਰ ਪ੍ਰੋਲੇਤਾਰੀ ਅਤੇ ਨੌਜਵਾਨਾਂ ਨੂੰ ਬੰਨ੍ਹਣ ਅਤੇ ਉਹਨਾਂ ਅਧੀਨ ਕਰਨ ਵਿੱਚ ਮੌਜੂਦ ਹੈ। ਇਹ ਕਦੇ ਵੀ ਸੁੰਤਤਰ ਲੇਫ਼ਟ ਬਲਾਕ ਨੂੰ ਜਥੇਬੰਦ ਨਹੀਂ ਹੋਣ ਦੇਣਗੇ ਸਗੋਂ ਉਸਦੀ ਖੁੱਲੀ ਮੁਖਾਲਫ਼ਤ ਕਰਨਗੇ।

ਸਵਾਲ- ਮੰਨ ਲਉ, ਜੇਕਰ ਉਹ ਲੇਫ਼ਟ ਬਲਾਕ ਬਣਾਉਂਦੇ ਹਨ ਤਾਂ?

ਜਵਾਬ- ਇਸਦੀ ਕੋਈ ਸੰਭਾਵਨਾ ਨਾ ਹੁੰਦੇ ਹੋਏ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਸਤਾਲਿਨਵਾਦੀ ਆਗੂ, ਬੁਰਜੁਆ ਸੱਜੇਪੱਖ ਨਾਲ ਨਾਤਾ ਤੋੜ, ਸੁੰਤਤਰ ਲੇਫ਼ਟ ਬਲਾਕ ਬਣਾਉਂਦੇ ਹਨ, ਤਾਂ ਅਸੀਂ ਉਹਨਾਂ ਦੇ ਉਮੀਦਵਾਰਾਂ ਨੂੰ ਬਿਨਾਂ ਸ਼ਰਤ ਸਮਰਥਨ ਦੇਵਾਂਗੇ। ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਅਤੇ ਸੱਜੇਪੱਖੀ ਮੋਰਚਿਆਂ ਨਾਲ ਚਿੰਮੜੇ ਰਹਿੰਦੇ ਹਨ, ਤਾਂ ਅਸੀਂ ਉਹਨਾਂ ਵਿਰੁੱਧ ਉਮੀਦਵਾਰ ਉਤਾਰਾਂਗੇ 2019 ਵਿੱਚ ਆਮ ਚੋਣਾਂ ਵਿੱਚ।

ਅਸੀਂ ਸਤਾਲਿਨਵਾਦੀ ਖੱਬੇਪੱਖੀ ਪਾਰਟੀਆਂ ਨੂੰ ਕਹਿੰਦੇ ਹਾਂ- “ਤੁਸੀਂ ਸੱਤਾ ਲਈ ਸੰਘਰਸ਼ ਕਰੋ। ਅਸੀਂ ਤੁਹਾਡੇ ਨਾਲ ਹਾਂ। ਪਰ ਤੁਸੀਂ ਖੁਦ ਸੱਤਾ ਲਉ। ਰਾਹੁਲ-ਲਾਲੂ ਦੀ ਪਾਲਕੀ ਢੋਣਾ ਬੰਦ ਕਰੋ!” ਮੇਨਸ਼ੇਵਿਕਾਂ ਵਾਂਗ, ਸਤਾਲਿਨਵਾਦੀ ਆਗੂਆਂ ਕੋਲ ਇਸਦਾ ਕੋਈ ਜਵਾਬ ਨਹੀਂ ਹੈ। ਉਹ ਇੱਧਰ-ਉੱਧਰ ਦੇਖੀ ਜਾ ਰਿਹਾ ਹੈ। ਉਹ ਖੁਦ ਨੂੰ ਅਤੇ ਆਪਣੇ ਸਮਰਥਕਾਂ ਨੂੰ, ਬੁਰਜੁਆ ਪਾਰਟੀਆਂ ਕੋਲ ਗਿਰਵੀ ਰੱਖ ਚੁੱਕੇ ਹਨ ਅਤੇ ਉਹ ਵਾਪਸ ਨਹੀਂ ਪਰਤ ਸਕਦੇ।

ਪਰ ਨੌਜਵਾਨ ਕਮਿਉਨਿਸਟ ਸਾਥੀ ਇਨਕਲਾਬ ਵੱਲ ਜ਼ਰੂਰ ਪਰਤਣਗੇ। ਉਹ ਜ਼ਰੂਰ ਹੀ ਇਹਨਾਂ ਦਲਾਲ ਆਗੂਆਂ ਨੂੰ ਪਰ੍ਹੇ ਵਗ੍ਹਾ ਮਾਰਨਗੇ। ਦੇਰ-ਸਵੇਰ ਉਹ ਇਨਕਲਾਬ ਦੀ ਰਾਹ ਚੁਣਨਗੇ। ਚਾਰ ਕਮਿਉਨਿਸਟ ਕੌਮਾਂਤਰੀਆਂ ਦੇ ਇਤਿਹਾਸ ਅਤੇ ਅਨੁਭਵਾਂ ਦੇ ਰੂਪ ਵਿੱਚ, ਸੰਸਾਰ ਕਮਿਉਨਿਸਟ ਅੰਦੋਲਨ ਦੀ ਚਮਕਦੀ ਵਿਰਾਸਤ ਉਹਨਾਂ ਮੂਹਰੇ ਹੈ। ਉਹਨਾਂ ਮੂਹਰੇ ਹੈ WSP ਅਤੇ ਉਸਦਾ ਪ੍ਰੋਗਰਾਮ ਜੋ ਇਸ ਅਟੁੱਟ ਵਿਰਾਸਤ ਦੀ ਵਾਰਿਸ ਹੈ!

ਸਵਾਲ- ਜੇਕਰ ਸਤਾਲਿਨਵਾਦੀ ਆਗੂ ਸੱਜੇਪੱਖੀ ਮੋਰਚਿਆਂ ਵਿੱਚ ਹੀ ਸ਼ਾਮਿਲ ਰਹਿੰਦੇ ਹਨ ਤਾਂ ਆਉਣ ਵਾਲੀਆਂ ਆਮ ਚੋਣਾਂ ਵਿੱਚ ਤੁਹਾਡੀ ਯੁੱਧਨੀਤੀ ਕੀ ਹੋਵੇਗੀ?

ਜਵਾਬ- ਇਸ ਸਥਿਤੀ ਵਿੱਚ ਸੰਸਦੀ ਖੇਤਰ ਦੋ ਹਿੱਸਿਆਂ ਵਿੱਚ ਵੰਡੇ ਜਾਣਗੇ- ਇਕ ਉਹ ਜਿਹਨਾਂ ਵਿੱਚ ਝੂਠੇ ਖੱਬੇਪੱਖੀ ਆਗੂ ਆਪਣੇ ਕਾਡਰਾਂ ਨੂੰ ਬੁਰਜੁਆ ਸੱਜੇਪੱਖ ਦੀਆਂ ਪਾਰਟੀਆਂ ਲਈ ਪ੍ਰਚਾਰ ਕਰਨ ਲਈ ਕਹਿਣਗੇ ਅਤੇ ਦੂਜੇ ਪਾਸੇ ਉਹ ਜਿਨ੍ਹਾਂ ਨੂੰ ਬੁਰਜੁਆ ਆਗੂ ਖੱਬੇਪੱਖੀ ਆਗੂਆਂ ਲਈ ਛੱਡਣਗੇ। ਅਸੀਂ ਇਹਨਾਂ ਦੋਨੋਂ ਖੇਤਰਾਂ ਵਿੱਚ ਲੜਾਂਗੇ। ਪਹਿਲੇ ਖੇਤਰਾਂ ਵਿੱਚ ਸਾਡਾ ਨਾਅਰਾ ਹੋਵੇਗਾ- ‘ਬੁਰਜੁਆ ਸੱਜੇਪੱਖ ਨੂੰ ਖੁੰਜੇ ਲਾਉ, ਲੇਫ਼ਟ ਬਲਾਕ ਨੂੰ ਜਿਤਾਉ’। ਦੂਜੇ ਖੇਤਰਾਂ ਵਿੱਚ ਸਾਡਾ ਨਾਅਰਾ ਹੋਵੇਗਾ- ‘ਸੱਜੇਪੱਖ ਅਤੇ ਉਸਦੇ ਦਲਾਲ ਝੂਠੇ ਖੱਬੇਪੱਖ ਨੂੰ ਖੁੰਜੇ ਲਾਓ, ਲੇਫ਼ਟ ਬਲਾਕ ਨੂੰ ਜਿਤਾਓ’। ਅਸੀਂ ਕਹਾਂਗੇ ਕਿ ਝੂਠੇ ਸਤਾਲਿਨਵਾਦੀ ਖੱਬੇਪੱਖ ਨੂੰ ਵੋਟ ਦੀ ਹਿਮਾਇਤ, ਆਖਰਕਾਰ, ਕਾਂਗਰਸ ਦੀ ਅਗਵਾਈ ਵਾਲੇ, ਬੁਰਜੁਆ ਸੱਜੇਪੱਖੀ ਕੈਂਪਾਂ ਨੂੰ ਹੀ ਹਿਮਾਇਤ ਹੈ। ਇਹਨਾਂ ਸਾਰੇ ਖੇਤਰਾਂ ਵਿੱਚ ਅਸੀਂ ਵੋਟਾਂ ਦਾ ਲੇਫ਼ਟ-ਰਾਈਟ ਦਰਮਿਆਨ ਧਰੂਵੀਕਰਨ ਕਰਦੇ ਹੋਏ, ਮਜ਼ਦੂਰ ਵੋਟਾਂ ਨੂੰ ਸੁੰਤਤਰ ਲੇਫ਼ਟ ਬਲਾਕ ਲਈ ਇੱਕਠਾ ਕਰਾਂਗੇ।

ਸਵਾਲ- ਤਾਂ ਕੀ ਲੇਫ਼ਟ ਬਲਾਕ ਲਈ ਅਪੀਲ ਵਿੱਚ ਤੁਸੀਂ ਸਤਾਲਿਨਵਾਦੀ ਖੱਬੇਪੱਖੀ ਆਗੂਆਂ ਨੂੰ ਸੰਬੋਧਿਤ ਨਹੀਂ ਕਰ ਰਹੇ?

ਜਵਾਬ- ਅਸੀਂ ਇਹਨਾਂ ਆਗੂਆਂ ਨੂੰ ਸੰਬੋਧਿਤ ਕਰ ਰਹੇ ਹਾਂ, ਸਭ ਨੂੰ ਕਰ ਰਹੇ ਹਾਂ। ਪਰ ਅਸੀਂ ਕਿਸੇ ਭਰਮ ਵਿੱਚ ਨਹੀਂ ਹਾਂ। ਅਸੀਂ ਜਾਣਦੇ ਹਾਂ ਕਿ ਅਜਿਹਾ ਕਦੇ ਨਹੀਂ ਕਰਨਗੇ। ਇਹਨਾਂ ਝੂਠੇ ਖੱਬੇਪੱਖੀ ਆਗੂਆਂ ਨੂੰ ਸਾਡੇ ਸੰਬੋਧਨ ਦਾ ਉਦੇਸ਼ ਇਹਨਾਂ ਆਗੂਆਂ ਦੀ ਪੋਲ ਖੋਲਣਾ ਹੈ, ਇਹਨਾਂ ਦਾ ਨਕਾਬ ਪਾੜ ਸੁੱਟਣਾ ਹੈ, ਤਾਂਕਿ ਦੱਸਾਂ ਲੱਖ ਨੌਜਵਾਨ ਕਮਿਉਨਿਸਟ ਕਾਰਕੁੰਨ, ਸਿਰਫ਼ ਸਿਧਾਂਤ ਵਿੱਚ ਹੀ ਨਹੀਂ, ਸਗੋਂ ਅਮਲ ਵਿੱਚ ਆਪਣੀਆਂ ਅੱਖਾਂ ਨਾਲ ਵੇਖ ਸਕਣ ਕਿ ਇਹ ਫ਼ਰਜੀ ਖੱਬੇਪੱਖੀ ਆਗੂ ਕਿਸ ਕਦਰ ਸੁੰਤਤਰ ਲੇਫ਼ਟ ਬਲਾਕ ਦੇ ਮਤੇ ਦੇ ਵਿਰੋਧੀ ਹਨ ਅਤੇ ਕਿਸ ਤਰ੍ਹਾਂ ਮਜ਼ਦੂਰਾਂ, ਨੌਜਵਾਨਾਂ ਨੂੰ ਘਿਨੌਣੇ ਬੁਰਜੁਆ ਸੱਜੇਪੱਖੀ ਮੋਰਚਿਆਂ ਮਗਰ ਬੰਨਣ ਨੂੰ ਉਤਸੁਕ ਹਨ।

ਲੇਫ਼ਟ ਬਲਾਕ ਲਈ ਸਾਡੀ ਅਪੀਲ, ਅਸਲ ਵਿੱਚ ਇਹਨਾਂ ਲੱਖਾਂ ਨੌਜਵਾਨ ਕਮਿਉਨਿਸਟ ਕਾਰਕੁੰਨਾਂ ਨੂੰ ਹੈ ਜੋ ਇਨਕਲਾਬ ਅਤੇ ਸਮਾਜਵਾਦ ਲਈ ਇਮਾਨਦਾਰੀ ਨਾਲ ਸੰਘਰਸ਼ ਚਾਹੁੰਦੇ ਹਨ, ਪਰ ਜਿਨ੍ਹਾਂ ਨੂੰ ਇਹਨਾਂ ਝੂਠੇ ਆਗੂਆਂ ਨੇ ਭਰਮਿਤ ਕਰਕੇ ਕਿਸੇ ਨਾ ਕਿਸੇ ਬਹਾਨੇ ਸੱਜੇਪੱਖੀ ਬੁਰਜੁਆ ਪਾਰਟੀਆਂ, ਆਗੂਆਂ ਮਗਰ ਬੰਨ੍ਹੀ ਰੱਖਿਆ ਹੈ।

ਸਵਾਲ- ਜਦੋਂ ਤੁਸੀਂ ਸਤਾਲਿਨਵਾਦੀਆਂ ਨੂੰ ‘ਝੂਠੇ ਖੱਬੇਪੱਖੀ’ ਕਹਿੰਦੇ ਹੋ ਤਾਂ ਉਹਨਾਂ ਨਾਲ ਲੇਫ਼ਟ ਬਲਾਕ ਬਣਾਉਣ ਲਈ ਕਿਉਂ ਅਪੀਲ ਕਰ ਰਹੇ ਹੋ?

ਜਵਾਬ- ਅਸੀਂ ਸਤਾਲਿਨਵਾਦੀਆਂ ਨੂੰ ਠੀਕ ਹੀ ਝੂਠੇ ਖੱਬੇਪੱਖੀ ਕਹਿੰਦੇ ਹਾਂ ਕਿਉਂਕਿ ਉਹ ਸੱਜੇਪੱਖ ਨਾਲ ਚਿੰਮੜੇ ਹੋਏ ਹਨ। ਆਪਣੀ ਅਪੀਲ ਵਿੱਚ ਵੀ ਅਸੀਂ ਇਹੀ ਕਹਿ ਰਹੇ ਹਾਂ ਕਿ ਉਹ ਸੱਜੇਪੱਖ ਤੋਂ ਨਾਤਾ ਤੋੜਨ ਅਤੇ ਲੇਫ਼ਟ ਬਲਾਕ ਦੀ ਉਸਾਰੀ ਵੱਲ ਮੁੜਨ। ਦਰਅਸਲ ਲੇਫ਼ਟ ਬਲਾਕ ਕਿਸੇ ਵੀ ਅਰਥ ਵਿੱਚ ਆਗੂਆਂ ਅਤੇ ਪਾਰਟੀਆਂ ਦਰਮਿਆਨ ਮੋਰਚਾ ਨਹੀਂ ਹੈ ਸਗੋਂ ਇਹ ਵਿਭਿੰਨ ਵਿਚਾਰਾਂ, ਦਲਾਂ ਵਿੱਚ ਖਿੰਡੇ-ਪੁੰਡੇ ਸਧਾਰਨ ਨੌਜਵਾਨ ਕਮਿਉਨਿਸਟ ਕਾਰਕੁੰਨਾਂ ਅਤੇ ਮਜ਼ਦੂਰਾਂ ਦਰਮਿਆਨ ਮੋਰਚਾ ਹੈ ਜੋ ਉਹਨਾਂ ਦੀ ਸਾਂਝੀਆਂ ਕਾਰਵਾਈਆਂ ਨੂੰ ਇੱਕ ਦਿਸ਼ਾ ਵਿੱਚ ਸੰਚਾਲਿਤ ਕਰਦਾ ਹੈ।

ਸਵਾਲ- ਇਸ ਸਥਿਤੀ ਵਿੱਚ, ਕਮਿਉਨਿਸਟ ਕਾਡਰਾਂ ਮੂਹਰੇ ਕੀ ਵਿਕਲਪ ਹੋਣਗੇ ਅਤੇ ਇਤਿਹਾਸ ਤੁਹਾਡੇ ਅਤੇ ਸਤਾਲਿਨਵਾਦੀਆਂ ਦਰਮਿਆਨ ਇਸ ਸੰਘਰਸ਼ ਦਾ ਮੁਲਾਂਕਣ ਕਿਵੇਂ ਕਰੇਗਾ?

ਜਵਾਬ- WSP ਅਤੇ ਸਤਾਲਿਨਵਾਦੀਆਂ ਦਰਮਿਆਨ ਸੰਘਰਸ਼ ਦਾ ਫੈਸਲਾ, ਇਤਿਹਾਸ ਨੇ ਕਰ ਦਿੱਤਾ ਹੈ। ਚੋਣ ਦੀ ਆਹਟ ਮਿਲਦੇ ਹੀ, ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ, ਸਤਾਲਿਨਵਾਦੀ ਆਗੂਆਂ ਨੇ ਬੁਰਜੁਆ ਸੱਜੇਪੱਖ ਅੱਗੇ ਸਮਰਪਣ ਕਰ ਦਿੱਤਾ ਹੈ। ਉਹ ਸਪਸ਼ਟ ਕਰ ਰਹੇ ਹਨ ਕਿ ਉਹ ਖੱਬੇਪੱਖ ਵੱਲੋਂ ਸੱਤਾ ‘ਤੇ ਦਾਅਵਾ ਕਰਨ ਵਿੱਚ ਅਸਮਰਥ ਹਨ। ਉਹਨਾਂ ਦੇ ਹਿਸਾਬ ਨਾਲ ਭਾਜਪਾ ਦਾ ਵਿਕਲਪ ਉਹ ਨਹੀਂ, ਸਗੋਂ ਕਾਂਗਰਸ, ਰਾਜਦ, ਸਪਾ, ਬਸਪਾ ਵਰਗੀਆਂ ਸੱਜੇਪੱਖੀ ਪਾਰਟੀਆਂ ਦਾ ਸਾਂਢਾ-ਗਾਂਢਾ ਹੈ, ਜਿਸਦੀ ਉਹ ਪੂੰਛ ਫੜਨ ਲਈ ਤਿਆਰ ਹਨ।

ਸਰਮਾਏਦਾਰੀ ਦੇ ਇਹਨਾਂ ਦਲਾਲਾਂ ਨੇ, ਇਕ ਵਾਰ ਫਿਰ ਨੌਜਵਾਨ ਕਾਡਰਾਂ ਨੂੰ ਧੋਖਾ ਦਿੱਤਾ ਹੈ। ਉਹਨਾਂ ਨੇ ਕਾਰਕੁੰਨਾਂ ਨੂੰ ਫਿਰ ਤੋਂ ਮਝਧਾਰ ਵਿੱਚ ਛੱਡ ਦਿੱਤਾ ਹੈ ਅਤੇ ਦੂਰ ਖੜੇ ਹੋ ਕੇ ਕੱਛਾਂ ਵਜਾਉਂਦੇ ਹੋਏ ਉਹ ਉਹਨਾਂ ਨੂੰ ਬੁਰਜੁਆ ਸੱਜੇਪੱਖ ਦੀ ਬੇੜੀ ਵਿੱਚ ਸਵਾਰ ਹੋਣ ਦੀ ਸਲਾਹ ਦੇ ਰਹੇ ਹਨ।

ਕਾਡਰਾਂ ਕੋਲ ਦੋ ਵਿਕਲਪ ਹਨ- ਜਾਂ ਤਾਂ ਆਪਣੇ ਆਗੂਆਂ ਦੀ ਗੱਲ ਮੰਨਣ ਅਤੇ ਬੁਰਜੁਆ ਸੱਜੇਪੱਖ ਦੀ ਗੋਦ ਵਿੱਚ ਬੈਠ ਜਾਣ ਜਾਂ ਫਿਰ ਇਹਨਾਂ ਬੁਜ਼ਦਿਲ ਆਗੂਆਂ ਵੱਲ ਪਿੱਠ ਫੇਰ ਕੇ, ਸੁੰਤਤਰ ਲੇਫ਼ਟ ਬਲਾਕ ਕਾਇਮ ਕਰਨ ਦੀ WSP ਦੀ ਅਪੀਲ ਨੂੰ ਸਵੀਕਾਰ ਕਰਨ।

ਅਸੀਂ ਨੌਜਵਾਨ ਕਾਡਰਾਂ ਨੂੰ ਕਿਹਾ ਹੈ ਕਿ ਸਾਰੇ ਸ਼ਹਿਰਾਂ ਵਿੱਚ ਲੇਫ਼ਟ-ਯੂਨਿਟੀ ਕਾਨਫਰੰਸ ਕਰਕੇ, ਇਹ ਸਾਂਝਾ ਸੰਕਲਪ ਮਤਾ ਪ੍ਰਵਾਨਿਤ ਕੀਤਾ ਜਾਵੇ-

“ਖੱਬੇਪੱਖੀ ਧਾਰਾ ਨਾਲ ਜੁੜੇ ਅਸੀਂ ਸਾਰੇ ਸਾਥੀ, ਜੋ ਵੱਖ-ਵੱਖ ਪਾਰਟੀਆਂ ਵਿਰੁੱਧ, ਲੇਫ਼ਟ ਯੂਨਿਟੀ ਬਣਾਉਣ ਦੀ ਨੀਤੀ ਦੀ ਮੁਕੰਮਲ ਹਿਮਾਇਤ ਕਰਦੇ ਹਾਂ। ਅਸੀਂ ਸਾਰੇ ਲੇਫ਼ਟ ਆਗੂਆਂ, ਕਾਰਕੁੰਨਾਂ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਸੱਜੇਪੱਖੀ ਪਾਰਟੀਆਂ, ਆਗੂਆਂ ਤੋਂ ਬਿਨਾਂ ਦੇਰੀ ਦੇ ਤੋੜ-ਵਿਛੋੜਾ ਕਰਨ। ਅਸੀਂ ਉਹਨਾਂ ਸਾਰੇ ਮਤਿਆਂ, ਸੰਕਲਪਾਂ ਨੂੰ ਫੌਰੀ ਤੌਰ ‘ਤੇ ਖੰਡਿਤ ਕਰਦੇ ਹਾਂ ਜੋ ਸੱਜੇਪੱਖੀ ਬੁਰਜੁਆ ਪਾਰਟੀਆਂ ਨਾਲ ਗਠਜੋੜ ਬਣਾਉਣ ਦਾ ਰਾਸਤਾ ਖੋਲਦੇ ਹਨ। ਇਸਦੇ ਨਾਲ ਹੀ ਅਸੀਂ ਤੁਰੰਤ ਅਜਿਹੇ ਸੁੰਤਤਰ ਲੇਫ਼ਟ ਬਲਾਕ ਵਿੱਚ ਜਥੇਬੰਦ ਹੋਣ ਦਾ ਐਲਾਨ ਕਰਦੇ ਹਾਂ ਜੋ ਸੱਜੇਪੱਖੀ ਪਾਰਟੀਆਂ, ਆਗੂਆਂ ਵਿਰੁੱਧ ਨਿਰਦੇਸ਼ਿਤ ਹੋਵੇਗਾ। 2019 ਦੀਆਂ ਆਮ ਚੋਣਾਂ ਵਿੱਚ ਸਾਰੀਆਂ ਸੱਜੇਪੱਖੀ ਬੁਰਜੁਆ ਪਾਰਟੀਆਂ ਨੂੰ ਖੁੰਜੇ ਲਾਉਣ ਦੇ ਇਨਕਲਾਬੀ ਸੰਕਲਪ ਨਾਲ”।

ਸਵਾਲ- ਸਤਾਲਿਨਵਾਦੀ ਆਗੂ, ਲੇਫ਼ਟ ਬਲਾਕ ਦੇ ਮਤੇ ਦਾ ਵਿਰੋਧ ਕਿਉਂ ਕਰ ਰਹੇ ਹਨ?

ਜਵਾਬ- ਮਜ਼ਦੂਰਾਂ- ਕਿਰਤੀਆਂ- ਨੌਜਵਾਨਾਂ ਨੂੰ ਲੇਫ਼ਟ ਬਲਾਕ ਵਿੱਚ ਜਥੇਬੰਦ ਕਰਨ ਦੀ ਸਾਡੀ ਮੁਹਿੰਮ ਨੇ, ਸਰਮਾਏਦਾਰੀ ਦੇ ਦਲਾਲਾਂ ਦਰਮਿਆਨ, ਭਗਦੜ ਮਚਾ ਦਿੱਤੀ ਹੈ। ਉਹਨਾਂ ਨੂੰ ਇਸ ਮਤੇ ਨੂੰ ਢਹਿਢੇਰੀ ਕਰਨ ਦੀ ਬੈਚੇਨੀ ਤਾਂ ਹੈ ਪਰ ਸਮਝ ਨਹੀਂ ਆ ਰਿਹਾ ਕਿ ਕਹਿਣ ਤਾਂ ਕੀ ਕਹਿਣ ਅਤੇ ਕਰਨ ਤਾਂ ਕੀ ਕਰਨ।

ਬੁਰਜੁਆ ਪਾਰਟੀਆਂ ਨਾਲ ਨਾਤਾ ਤੋੜਨ ਅਤੇ ਸੁੰਤਤਰ ਲੇਫ਼ਟ ਬਲਾਕ ਦੀ ਉਸਾਰੀ ਕਰਨ ਦੇ ਸਾਡੇ ਮਤੇ ‘ਤੇ ਚਿੱਕੜ-ਉਛਾਲੀ ਕਰਦੇ ਹੋਏ, ਸਤਾਲਿਨਵਾਦੀਆਂ ਨੇ, ਇਕਜੁਟ ਹੋ ਕੇ, WSP ਖਿਲਾਫ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੌ ਬਹਾਨਿਆਂ ਨਾਲ, ਝੂਠੇ ਖੱਬੇਪੱਖੀ ਆਗੂ ਲੇਫ਼ਟ ਬਲਾਕ ਬਣਾਉਣ ਦੇ WSP ਦੇ ਮਤੇ ਨੂੰ ਖਾਰਿਜ ਕਰ ਰਹੇ ਹਨ। ‘ਲੇਫ਼ਟ ਬਲਾਕ’ ਬਣਾਉਣ ਦੇ WSP ਦੇ ਮਤੇ ਦਾ ਵਿਰੋਧ ਕਰਦੇ ਹੋਏ ਉਹ ਕਾਂਗਰਸ, ਰਾਜਦ, ਸਪਾ, ਬਸਪਾ ਵਰਗੀਆਂ ਘੋਰ ਪ੍ਰਤੀਕ੍ਰਿਆਵਾਦੀ, ਖੇਤਰਵਾਦੀ, ਜਾਤੀਵਾਦੀ, ਸੱਜੇਪੱਖੀ ਪਾਰਟੀਆਂ ਨੂੰ ‘ਸੇਕੂਲਰ-ਡੇਮੋਕ੍ਰੇਟਿਕ’ ਦੱਸ ਰਹੇ ਹਨ ਅਤੇ ਉਹਨਾਂ ਨਾਲ ਮੋਰਚਾ ਬਣਾਉਣ ਦੀ ਫਿਰਾਕ ਵਿੱਚ ਹਨ। ਦਰਅਸਲ ਇਹ ਆਗੂ ਪਹਿਲਾ ਹੀ ਆਪਣੀ ਪਾਰਟੀ ਅਤੇ ਆਪਣੇ ਸਮਰਥਕ ਮਜ਼ਦੂਰਾਂ, ਨੌਜਵਾਨਾਂ ਨੂੰ ਕਾਂਗਰਸ, ਰਾਜਦ ਵਰਗੀਆਂ ਸੱਜੇਪੱਖੀ ਬੁਰਜੁਆ ਪਾਰਟੀਆਂ ਮਗਰ ਬੰਨਣ ਲਈ ਸੁਪਾਰੀ ਲੈ ਚੁੱਕੇ ਹਨ। ਸੰਸਦ ਵਿੱਚ ਆਪਣੇ ਲਈ ਕੁਝ ਸੀਟਾਂ ਸੁਰੱਖਿਅਤ ਕਰਨ ਲਈ ਇਹ ਝੂਠੇ ਖੱਬੇਪੱਖੀ ਆਗੂ, ਬੁਰਜੁਆ ਆਗੂਆਂ ਪਿੱਛੇ ਕੁੱਤੇ ਝਾਕ ਰੱਖਦੇ ਹੋਏ ਘੁੰਮ ਰਹੇ ਹਨ। ਸਧਾਰਨ ਕਾਰਕੁੰਨਾਂ ਦੀ ਪਿੱਠ ਪਿੱਛੇ, ਉਹਨਾਂ ਨੂੰ ਧੋਖੇ ਵਿੱਚ ਰੱਖਦੇ ਹੋਏ ਇਹ ਆਗੂ, ਐਨ ਮੌਕੇ ‘ਤੇ, ਠੀਕ ਚੋਣਾਂ ਤੋਂ ਪਹਿਲਾਂ, ਬੁਰਜੁਆ ਪਾਰਟੀਆਂ ਨਾਲ ਗਠਜੋੜ ਦਾ ਰਸਮੀ ਐਲਾਨ ਕਰਨਗੇ, ਤਾਂਕਿ ਕਾਰਕੁੰਨਾਂ ਨੂੰ ਵਿਰੋਧ ਦਾ ਮੌਕਾ ਤੱਕ ਨਾ ਮਿਲੇ।

ਇਹ ਮੱਕਾਰ ਆਗੂ, ਦਹਾਕਿਆਂ ਤੋਂ ਨੌਜਵਾਨ ਕਾਰਕੁੰਨਾਂ ਨੂੰ ਇਸ ਤਰ੍ਹਾਂ ਬੁਰਜੁਆ ਪਾਰਟੀਆਂ, ਆਗੂਆਂ ਦੇ ਹੱਥਾਂ, ਗਿਰਵੀ ਰੱਖਦੇ ਆ ਰਹੇ ਹਨ। ਇਹਨਾਂ ਨੀਤੀਆਂ ਦੇ ਚਲਦੇ ਹੀ ਫ਼ਾਸੀਵਾਦ ਜੇਤੂ ਹੋਇਆ ਹੈ। ਸੱਜੇਪੱਖੀ ਬੁਰਜੁਆ ਪਾਰਟੀਆਂ ਦੀ ਪੂੰਛ ਫੜਨ ਦੀ ਇਸ ਮੇਨਸ਼ੇਵਿਕ-ਸਤਾਲਿਨਵਾਦੀ ਨੀਤੀ ਨੇ ਹੀ ਪਿਛਲੀ ਇਕ ਸਦੀ ਵਿੱਚ ਪ੍ਰੋਲੇਤਾਰੀ ਇਨਕਲਾਬਾਂ ਦਾ ਸਰਵਨਾਸ਼ ਕੀਤਾ ਹੈ ਅਤੇ ਅੱਜ ਵੀ ਕਰ ਰਹੀ ਹੈ। ਜੇਕਰ ਹੁਣ ਵੀ ਇਹਨਾਂ ਤੋਂ, ਇਹਨਾਂ ਦੀ ਇਸ ਦੋਯਮ ਮੇਨਸ਼ੇਵਿਕ ਨੀਤੀ ਤੋਂ ਕਿਨਾਰਾ ਨਾ ਕੀਤਾ ਗਿਆ ਤਾਂ ਅੰਦੋਲਨ ਦਾ ਸਰਵਨਾਸ਼ ਤੈਅ ਹੈ।

ਮਜ਼ਦੂਰ ਜਮਾਤ ਦਾ ਇਤਿਹਾਸਿਕ ਮਿਸ਼ਨ, ਭਾਜਪਾ ਅਤੇ ਕਾਂਗਰਸ ਦਰਮਿਆਨ ਸੱਤਾ ਦੀ ਅਦਲਾ-ਬਦਲੀ ਨਾਲ ਪੂਰਾ ਨਹੀਂ ਹੁੰਦਾ। ਸਾਨੂੰ ਕਾਂਗਰਸ, ਭਾਜਪਾ ਸਹਿਤ, ਬੁਰਜੁਆ ਸੱਜੇਪੱਖ ਦੀਆਂ ਸਾਰੀਆਂ ਪਾਰਟੀਆਂ ਨੂੰ ਖੁੰਜੇ ਲਗਾਉਂਦੇ ਹੋਏ, ਲੇਫ਼ਟ ਬਲਾਕ ਜਥੇਬੰਦ ਕਰਕੇ, ਇਨਕਲਾਬ ਵੱਲ ਵੱਧਣਾ ਹੈ। ਪਰ ਝੂਠੇ ਖੱਬੇਪੱਖੀ ਆਗੂ ਇਸ ਸੁੰਤਤਰ ਪਹਿਲਕਦਮੀ ਦਾ ਵਿਰੋਧ ਕਰ ਰਹੇ ਹਨ। ਇਹਨਾਂ ਜੋਕਰਾਂ ਨੂੰ ਅਣਦੇਖਿਆ ਕਰਦੇ ਹੋਏ, ਅਸੀਂ ਸੁੰਤਤਰ ਲੇਫ਼ਟ ਬਲਾਕ ਦੀ ਉਸਾਰੀ ਵਿੱਚ ਜੁਟੇ ਹਾਂ। ਸਮਾਂ ਘੱਟ ਹੈ ਅਤੇ ਕੰਮ ਵਡੇਰਾ।

ਪ੍ਰਸ਼ਨ- ਲੇਫ਼ਟ ਬਲਾਕ ਦੇ ਵਿਰੋਧ ਲਈ ਸਤਾਲਿਨਵਾਦੀ ਆਗੂਆਂ ਦੀ ਦਲੀਲ ਅਤੇ ਤਰਕ ਕੀ ਹੈ?

ਜਵਾਬ- ਦਰਅਸਲ, ਸਤਾਲਿਨਵਾਦੀ ਆਗੂਆਂ ਲਈ ਸਿਧਾਂਤ ਸਿਰਫ਼ ਖੋਖਲੀ ਚਰਚਾ ਦਾ ਵਿਸ਼ਾ ਹੈ। ਵਿਵਹਾਰਿਕ ਸਿਆਸਤ ਵਿੱਚ ਇਕ ਹੀ ਸੱਜੇਪੱਖੀ ਕੈਂਪ ਨੂੰ ਉਹ ਦੋ ਉਲਟ ਧਰੂਵਾਂ ਵਿੱਚ ਵੰਡ ਕੇ ਪੇਸ਼ ਕਰਦੇ ਹਨ- ਇਕ ਭਾਜਪਾ ਦੀ ਅਗਵਾਈ ਵਾਲਾ ਧਰੂਵ ਜਿਸਨੂੰ ਉਹ ਸੱਜੇਪੱਖੀ ਕਹਿੰਦੇ ਹਨ ਅਤੇ ਦੂਜਾ ਕਾਂਗਰਸ ਦੀ ਅਗਵਾਈ ਵਾਲਾ ਧਰੂਵ, ਜਿਸਨੂੰ ਉਹ ਖੱਬੇਪੱਖ ਕਹਿੰਦੇ ਹਨ। ਇਹ ਉਹਨਾਂ ਲਈ ਕੁੱਲ ਸਿਆਸੀ ਸਪੈਕਟ੍ਰਮ ਹੈ, ਜਿਸ ‘ਤੇ ਸਾਨੂੰ ਤਾਂ ਛੱਡੋ, ਉਹ ਖੁਦ ਆਪਣੇ ਲਈ ਵੀ ਸਿਰਫ਼ ਇਕ ਕੁਲੀ ਦੀ ਭੂਮਿਕਾ ਤੈਅ ਕਰਦੇ ਹਨ ਜਿਸਦਾ ਕੰਮ ਕਾਂਗਰਸ ਦੀ ਅਗਵਾਈ ਵਾਲੇ ਕਥਿਤ ਖੱਬੇਪੱਖੀ ਧੜੇ ਦੀ ਪਾਲਕੀ ਢੋਣਾ ਹੈ, ਉਸਨੂੰ ਸੱਤਾ ‘ਤੇ ਕਬਜ਼ਾ ਕਰਨ ਵਿੱਚ ਮਦਦ ਦੇਣਾ ਹੈ।

ਅਸੀਂ ਇਸ ਸਮਝ ਨੂੰ ਖਾਰਿਜ ਕਰਦੇ ਹਾਂ ਅਤੇ ਭਾਜਪਾ ਨਾਲ ਕਾਂਗਰਸ ਤੱਕ, ਬੁਰਜੁਆ ਸੱਜੇਪੱਖ ਦੀਆਂ ਸਾਰੀਆਂ ਪਾਰਟੀਆਂ ਨੂੰ ਇੱਕ ਸੱਜੇਪੱਖੀ ਧਰੂਵ ‘ਤੇ ਰੱਖਦੇ ਹਾਂ। ਦੂਜੇ ਧਰੂਵ ‘ਤੇ ਅਸੀਂ ਮਜ਼ਦੂਰ ਅਤੇ ਕਮਿਉਨਿਸਟ ਨੌਜਵਾਨਾਂ ਨੂੰ ਰੱਖਦੇ ਹਾਂ ਜਿਹਨਾਂ ਨੂੰ ਲੈ ਕੇ ਅਸੀਂ ਲੇਫ਼ਟ ਬਲਾਕ ਦੀ ਉਸਾਰੀ ਦਾ ਮਤਾ ਰੱਖ ਰਹੇ ਹਾਂ। ਸਤਾਲਿਨਵਾਦੀਆਂ ਲਈ, ਪ੍ਰੋਲੇਤਾਰੀ ਅਤੇ ਇਨਕਲਾਬੀ ਨੌਜਵਾਨ, ਕੋਈ ਸੁੰਤਤਰ ਹੋਂਦ ਨਹੀਂ ਰੱਖਦੇ ਅਤੇ ਉਹ ਉਹਨਾਂ ਨੂੰ ਸੁੰਤਤਰ ਭੂਮਿਕਾ ਵਿੱਚ ਨਹੀਂ ਵੇਖਦੇ, ਸਿਆਸੀ ਧਰੂਵ ਦੀ ਕਲਪਨਾ ਤਾਂ ਬਹੁਤ ਦੂਰ ਦੀ ਗੱਲ ਹੈ।

ਸਵਾਲ- ਫਾਸੀਵਾਦੀ ਭਾਜਪਾ ਦੇ ਸ਼ਾਸਨ ਦੇ ਇਹਨਾਂ ਚਾਰ ਸਾਲਾਂ ਨੇ ਖੱਬੇਪੱਖੀ ਸਿਆਸੀ ਕੈਨਵਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

ਜਵਾਬ- ਫ਼ਾਸੀਵਾਦੀ ਸ਼ਾਸਨ ਦੇ ਚਾਰ ਸਾਲਾਂ ਨੇ, ਸਰਮਾਏਦਾਰੀ ਵਿੱਚ ਨੌਜਵਾਨਾਂ ਅਤੇ ਕਿਰਤੀ ਲੋਕਾਂ ਦੇ ਭਰਮਾਂ ਨੂੰ ਹੋਰ ਚਕਨਾਚੂਰ ਕੀਤਾ ਹੈ। ਦੱਸਾਂ ਲੱਖ ਸਧਾਰਨ ਕਮਿਉਨਿਸਟ ਕਾਰਕੁੰਨ, ਜੋ ਲੇਫ਼ਟ ਯੂਨਿਟੀ ਦੇ ਹਿਮਾਇਤੀ ਹਨ, ਸਰਮਾਏਦਾਰੀ- ਫ਼ਾਸੀਵਾਦ ਵਿਰੁੱਧ ਸੁੰਤਤਰ ਸੰਘਰਸ਼ ਲਈ ਤਿਆਰ ਹਨ। ਉਹ ਚਾਹੁੰਦੇ ਹਨ ਕਿ ਉਹ ਸਰਮਾਏਦਾਰੀ ਪਾਰਟੀਆਂ, ਆਗੂਆਂ ਤੋਂ, ਸੱਜੇਪੱਖ ਤੋਂ, ਦੂਰ ਹੱਟ ਜਾਣ ਅਤੇ ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ ਨੂੰ, ਉਹਨਾਂ ਸਭ ਤੋਂ ਸੁੰਤਤਰ ਲੇਫ਼ਟ ਬਲਾਕ ਵਿੱਚ ਜਥੇਬੰਦ ਕੀਤਾ ਜਾਵੇ। WSP ਦੀ ਨੀਤੀ ਅਤੇ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਉਸਦਾ ਸਿਆਸੀ ਮਤਾ, ਆਮ ਸਧਾਰਨ ਨੌਜਵਾਨ ਕਮਿਉਨਿਸਟ ਕਾਰਕੁੰਨਾਂ ਦੀ ਇਸ ਗਹਿਰੀ ਅਤੇ ਇਨਕਲਾਬੀ ਅਕਾਂਖਿਆਂ ਨੂੰ ਸਾਂਝਾ ਸੁਰ ਦਿੰਦਾ ਹੈ।

ਦੂਜੇ ਪਾਸੇ ਸਾਰੀਆਂ ਸੱਜੇਪੱਖੀ ਤਾਕਤਾਂ ਦੀ ਖਿਚੜੀ ਨਾਲ ਤਿਆਰ, ਫ਼ਾਸੀਵਾਦ-ਵਿਰੋਧੀ ਗਠਜੋੜਾਂ ਦਾ ਉਭਾਰ, ਫ਼ਾਸੀਵਾਦ ਦੇ ਸਭ ਤੋਂ ਜ਼ਹਿਰੀਲੇ ਪ੍ਰਭਾਵਾਂ ਵਿਚੋਂ ਇਕ ਹੈ। ਇਹਨਾਂ ਗਠਜੋੜਾਂ ਦਾ ਉਦੇਸ਼, ਫ਼ਾਸੀਵਾਦ ਨੂੰ ਨਸ਼ਟ ਕਰਨਾ ਨਹੀਂ, ਸਗੋਂ ਉਸਦੀ ਹਕੂਮਤ ਵਿੱਚ ਅਸਥਿਰ ਅਤੇ ਅਸੰਤੁਲਿਤ ਹੋ ਰਹੀ ਸਰਮਾਏਦਾਰੀ ਨੂੰ ਸੰਤੁਲਿਤ ਕਰਨਾ ਅਤੇ ਬੁਰਜੁਆ ਜਮਹੂਰੀਅਤ ਵੱਲ ਵਾਪਸ ਜਾਣਾ ਹੈ। ਝੂਠੇ ਖੱਬੇਪੱਖੀ ਆਗੂਆਂ, ਮਜ਼ਦੂਰਾਂ, ਨੌਜਵਾਨਾਂ ਨੂੰ ਇਹਨਾਂ ਸੱਜੇਪੱਖੀ ਗਠਜੋੜਾਂ ਮਗਰ ਬੰਨਣ ਵਿੱਚ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ।

ਸਵਾਲ- ਤੁਹਾਡੀ ਅਪੀਲ ਨੂੰ ਨੌਜਵਾਨ ਕਮਿਉਨਿਸਟ ਕਾਰਕੁੰਨ ਕਿਵੇਂ ਲੈ ਰਹੇ ਹਨ?

ਜਵਾਬ- ਨੌਜਵਾਨ ਕਾਰਕੁੰਨ, WSP ਦੇ ਸਿਆਸੀ ਮਤੇ ਦਾ, ਵੱਡੇ ਪੈਮਾਨੇ ‘ਤੇ, ਦਿਲ ਖੋਲ੍ਹ ਕੇ ਹਿਮਾਇਤ ਕਰ ਰਹੇ ਹਨ, ਜਦੋਂ ਕਿ ਝੂਠੇ ਖੱਬੇਪੱਖ ਦੇ ਆਗੂ ਅੱਡੀ-ਚੋਟੀ ਦਾ ਜੋਰ ਲਾ ਕੇ, ਇਸ ਮਤੇ ਦਾ ਵਿਰੋਧ ਕਰ ਰਹੇ ਹਨ, ਉਸਨੂੰ ਕਲੰਕਿਤ ਕਰ ਰਹੇ ਹਨ। ਜਦੋਂ ਕਿ ਦੱਸਾਂ ਲੱਖ ਸਧਾਰਨ ਕਾਰਕੁੰਨ ਇਨਕਲਾਬ ਦੇ ਉਦੇਸ਼ ਨਾਲ ਅਨੁਪ੍ਰੇਰਿਤ ਹਨ, ਇਹਨਾਂ ਬੋਗਸ ਸਤਾਲਿਨਵਾਦੀ ਆਗੂਆਂ ਦਾ ਉਦੇਸ਼ ਮਹਿਜ਼ ਆਪਣੇ ਲਈ ਸੰਸਦ ਵਿੱਚ ਕੁਝ ਸੀਟਾਂ ਸੁਰੱਖਿਅਤ ਕਰਨਾ ਹੈ।

ਗੱਦਾਰ ਸਤਾਲਿਨਵਾਦੀ ਆਗੂ, ਨੌਜਵਾਨ ਕਾਰਕੁੰਨਾਂ ਅਤੇ ਆਪਣੇ ਸਮਰਥਕ ਮਜ਼ਦੂਰਾਂ, ਕਿਰਤੀਆਂ ਨੂੰ, ਇਸ ਜਾਂ ਉਸ ਬੁਰਜੁਆ ਸੱਜੇਪੱਖੀ ਬਲਾਕ ਮਗਰ ਬੰਨਣ ਦੀ ਜੁਗਤ ਭਿੜਾ ਰਹੇ ਹਨ। ਪਹਿਲੇ ਦੀ ਹੀ ਤਰ੍ਹਾਂ ਉਹ ਕਾਂਗਰਸ, ਰਾਜਦ, ਸਪਾ, ਬਸਪਾ ਵਰਗੀਆਂ ਪਿਛਾਖੜੀ, ਬੁਰਜੁਆ ਸੱਜੇਪੱਖ ਦੀਆਂ ਪਾਰਟੀਆਂ ਨਾਲ ਜੋਟੀ ਪਾਉਣ ਦੀ ਫਿਰਾਕ ਵਿੱਚ ਹਨ। ਉਹ ਫ਼ਾਸੀਵਾਦ ਦੇ ਭੂਤ ਨਾਲ ਨੌਜਵਾਨ ਕਮਿਉਨਿਸਟ ਕਾਰਕੁੰਨਾਂ ਨੂੰ ਡਰਾ ਰਹੇ ਹਨ। ਪੂੰਜੀਵਾਦ ਦੇ ਦਲਾਲ, ਸਤਾਲਿਨਵਾਦੀ ਆਗੂ ਸਾਨੂੰ ਸਮਝਾ ਰਹੇ ਹਨ ਕਿ ਫ਼ਾਸੀਵਾਦੀ ਬੁਰੇ ਸਨ, ਉਦਾਰਵਾਦੀ ਭਲੇ ਹਨ, ਇਸ ਵਾਰ ਸੱਤਾ ਉਹਨਾਂ ਨੂੰ ਸੌਂਪ ਦਿਉ। ਫ਼ਾਸੀਵਾਦ ਨੂੰ ਇਹ ਲੀਡ ਇਹਨਾਂ ਆਗੂਆਂ ਦੀਆਂ ਇਹਨਾਂ ਬੁਰਜੁਆ ਪ੍ਰਸਤ, ਘਿਨੌਣੀਆਂ ਨੀਤੀਆਂ ਨਾਲ ਮਿਲੀ ਹੈ।

ਸਤਾਲਿਨਵਾਦੀ ਆਗੂ, ਨੌਜਵਾਨਾਂ, ਮਜ਼ਦੂਰਾਂ ਦੀ ਕਿਸੇ ਵੀ ਸੁੰਤਤਰ ਕਾਰਵਾਈ ਦੇ ਸਖ਼ਤ ਖਿਲਾਫ਼ ਹਨ। ਉਹ ਕਿਸੇ ਵੀ ਕੀਮਤ ‘ਤੇ ਨੌਜਵਾਨਾਂ, ਮਜ਼ਦੂਰਾਂ ਨੂੰ ਕਿਸੇ ਸੱਜੇਪੱਖੀ ਬੁਰਜੁਆ ਸਿਆਸੀ ਬਲਾਕ ਅਧੀਨ ਰੱਖਣਾ ਚਾਹੁੰਦੇ ਹਨ।

ਇਹ ਉਤਸਾਹਿਤ ਕਰਨ ਵਾਲੀ ਗੱਲ ਹੈ ਕਿ WSP ਦੇ ਮਤੇ ਨੂੰ ਲੈ ਕੇ, ਸਤਾਲਿਨਵਾਦੀ ਖੱਬੇਪੱਖ ਅੰਦਰ, ਬਗਾਵਤ ਦੇ ਬੱਦਲ ਮੰਡਰਾਉਣ ਲੱਗੇ ਹਨ। ਨੌਜਵਾਨ ਕਾਰਕੁੰਨਾਂ ਨੇ ਆਪਣੇ ਆਗੂਆਂ ਨੂੰ ਕਹਿਣਾ ਸ਼ੁਰੂ ਕੀਤਾ ਹੈ, “ਕਾਮਰੇਡ, ਗੱਲ ਤਾਂ WSP ਸਹੀ ਕਹਿ ਰਹੀ ਹੈ। ਸੱਜੇਪੱਖੀ ਬੁਰਜੁਆ ਪਾਰਟੀਆਂ ਨਾਲ ਨਾਤਾ ਤੋੜ ਕੇ ਕਿਉਂ ਨਾ ਲੇਫ਼ਟ ਬਲਾਕ ਬਣਾਇਆ ਜਾਵੇ?”

ਚਲਾਕ ਆਗੂ, ਕਾਰਕੁੰਨਾਂ ਨੂੰ ਖੱਟੀ-ਮਿੱਠੀ ਗੋਲੀ ਦੇ ਰਹੇ ਹਨ ਜਿਸਨੂੰ ਕਾਰਕੁੰਨਾਂ ਨੂੰ ਨਾ ਉਗਲਦੇ ਬਣ ਰਿਹਾ ਹੈ ਨਾ ਨਿਗਲਦੇ।

ਇਹ ਸਪਸ਼ਟ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਿਸਫ਼ੋਟ ਤੈਅ ਹੈ। ਨੌਜਵਾਨ ਕਮਿਉਨਿਸਟ, ਉਸ ਪੁਰਾਣੀ, ਬਦਰੰਗ, ਮੇਨਸ਼ੇਵਿਕ ਨੀਤੀ ਨੂੰ ਚੁਣੌਤੀ ਦੇਣਗੇ ਹੀ ਜੋ ਉਹਨਾਂ ਨੂੰ ਰਾਹੁਲ-ਲਾਲੂ ਵਰਗੇ ਇਨਕਲਾਬਵਿਰੋਧੀਆਂ ਮਗਰ ਬੰਨਦੀ ਹੈ।

ਦੱਸਾਂ ਲੱਖ ਕਮਿਉਨਿਸਟ ਕਾਡਰ, ਖੱਬੇਪੱਖੀ ਅੰਦੋਲਨ ਦਾ ਸਾਂਝਾ ਕਾਡਰ ਹੈ। ਇਹ ਜੁਝਾਰੂ ਅਤੇ ਇਮਾਨਦਾਰ ਅਤੇ ਇਨਕਲਾਬ ਲਈ ਉਤਸੁਕ ਹੈ। ਇਹ ਲੇਫ਼ਟ ਯੂਨਿਟੀ ਅਤੇ ਬੁਰਜੁਆ ਪਾਰਟੀਆਂ ਨਾਲ ਤੋੜ-ਵਿਛੋੜਾ ਚਾਹੁੰਦਾ ਹੈ। WSP ਇਹਨਾਂ ਚੇਤੰਨ, ਵਿਦਰੋਹੀ, ਨੌਜਵਾਨ ਸਾਥੀਆਂ ਨੂੰ ਹੀ ਕਮਿਉਨਿਸਟ ਉਮੀਦਵਾਰਾਂ ਦੇ ਰੂਪ ਵਿੱਚ ਪੂਰੇ ਭਾਰਤ ਵਿੱਚ ਚੋਣ ਮੈਦਾਨ ਵਿੱਚ ਉਤਾਰੇਗੀ।

ਸਿਰਫ਼ ਮੁੱਠੀ ਭਰ ਸਤਾਲਿਨਵਾਦੀ ਆਗੂ, ਲੇਫ਼ਟ ਯੂਨਿਟੀ ਨੂੰ ਖੋਰਾ ਲਾ ਰਹੇ ਹਨ। ਇਹ ਝੂਠੇ ਆਗੂ, ਇਸ ਜੁਝਾਰੂ ਕਾਡਰ ਨੂੰ ਬੁਰਜੁਆ ਸੱਜੇਪੱਖੀ ਪਾਰਟੀਆਂ ਮਗਰ ਬੰਨਦੇ ਹਨ ਅਤੇ ਨਤੀਜੇ ਵਜੋਂ ਅੰਦੋਲਨ ਵਿੱਚ ਜਾਣਬੁਝ ਕੇ ਖਿੰਡਾਅ ਪੈਦਾ ਕਰਦੇ ਹਨ। ਇਹ ਆਗੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਕਜੁਟ ਖੱਬੇਪੱਖੀ ਕਾਡਰ, ਪਲਕ ਝਪਕਦੇ ਹੀ ਸਰਮਾਏਦਾਰੀ-ਫ਼ਾਸੀਵਾਦ ਨੂੰ ਧੂੜ ਚੱਟਾ ਸਕਦਾ ਹੈ। ਇਹਨਾਂ ਦਾ ਉਦੇਸ਼ ਅਤੇ ਇਹਨਾਂ ਦੀ ਸਿਆਸੀ ਭੂਮਿਕਾ, ਜਿਸ ਲਈ ਬੁਰਜੁਆਜੀ ਇਹਨਾਂ ਨੂੰ ਸੰਸਦ ਵਿੱਚ ਸੀਟਾਂ, ਬੰਗਲੇ, ਗੱਡੀਆਂ ਦਿੰਦੀ ਹੈ, ਇਸ ਵਿੱਚ ਮੌਜੂਦ ਹੈ ਕਿ ਖੱਬੇਪੱਖੀ ਅੰਦੋਲਨ ਨੂੰ ਵਿਖੰਡਿਤ ਰੱਖਿਆ ਜਾਵੇ, ਉਸਨੂੰ ਇਕਜੁਟ ਹੋਣ ਤੋਂ ਰੋਕਿਆ ਜਾਵੇ ਅਤੇ ਇਸ ਉਦੇਸ਼ ਲਈ ਉਸਨੂੰ ਰੰਗ-ਬਿਰੰਗੇ ਬੁਰਜੁਆ ਸੱਜੇਪੱਖੀ ਸਰਦਾਰੀ ਵਾਲੇ ਮੋਰਚਿਆਂ ਮਗਰ ਬੰਨ੍ਹੀ ਰੱਖਿਆ ਜਾਵੇ।

ਲੇਫ਼ਟ ਬਲਾਕ ਦਾ ਮਤਾ, ਸਤਾਲਿਨਵਾਦੀਆਂ ਦੀ ਇਸ ਝੂਠੀ ਮੇਨਸ਼ੇਵਿਕ ਨੀਤੀ ਦਾ ਖੰਡਨ ਕਰਦਾ ਹੈ ਅਤੇ ਮਜ਼ਦੂਰ ਜਮਾਤ ਨੂੰ ਧੁਰੀ ਬਣਾ ਕੇ, ਵਿਆਪਕ ਕਿਰਤੀ ਲੋਕਾਂ ਦਾ ਬੁਰਜੁਆ ਸੱਜੇਪੱਖ ਵਿਰੁੱਧ ਜਥੇਬੰਦ ਕਰਨ ਦਾ ਅਧਾਰ ਤਿਆਰ ਕਰਦਾ ਹੈ।

(5 ਜੂਨ 2018 ਨੂੰ ਵਰਕਰਜ਼ ਸੋਸ਼ਲਿਸਟ ਬਲਾਗ ਵਿੱਚ ਹਿੰਦੀ ਵਿੱਚ ਪ੍ਰਕਾਸ਼ਿਤ)
http://workersocialist.blogspot.com/2018/06/2019.html

No comments:

Post a Comment